Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ ਹੈ। ਟ੍ਰਾਈਸਿਟੀ ਵਿੱਚ ਮੈਟਰੋ ਸ਼ੁਰੂ ਹੋ ਸਕਦੀ ਹੈ। ਇਸ ਨਾਲ ਆਵਾਜਾਈ ਦੀ ਸਮੱਸਿਆ ਹੱਲ ਹੋ ਜਾਏਗੀ। ਬੇਸ਼ੱਕ ਮੈਟਰੋ ਬਾਰੇ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਹੁਣ ਟ੍ਰਾਈਸਿਟੀ ਵਿੱਚ ਆਵਾਜਾਈ ਸਮੱਸਿਆ ਹੱਲ ਕਰਨ ਲਈ ਸਵਰੇਖਣ ਕਰਨ ਵਾਲੀ ਕੰਪਨੀ ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸ (ਰਾਈਟਸ) ਨੇ ਟ੍ਰਾਈਸਿਟੀ ਵਿੱਚ ਮੈਟਰੋ ਲਿਆਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਮੈਟਰੋ ਦੀ ਆਮਦ ਤੋਂ ਬਿਨਾਂ ਆਵਾਜਾਈ ਸਮੱਸਿਆ ਦਾ ਨਿਬੇੜਾ ਕਰਨਾ ਔਖਾ ਹੈ।



ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਮੈਟਰੋ ਲਿਆਉਣ ਬਾਰੇ ਵਿਚਾਰ ਕੀਤਾ ਗਿਆ ਸੀ, ਜਿਸ ਨੂੰ ਯੂਟੀ ਪ੍ਰਸ਼ਾਸਨ ਨੇ ਪੰਜ ਸਾਲ ਪਹਿਲਾਂ ਰੱਦ ਕਰ ਦਿੱਤਾ ਸੀ। ਫਿਰ ਯੂਟੀ ਪ੍ਰਸ਼ਾਸਨ ਨੇ ਟ੍ਰਾਈਸਿਟੀ ਵਿੱਚ ਵਿਆਪਕ ਗਤੀਸ਼ੀਲ ਯੋਜਨਾ (ਸੀਐਮਪੀ) ਤਹਿਤ ਰਾਈਟਸ ਨੂੰ ਸਰਵੇਖਣ ਕਰਨ ਦਾ ਕੰਮ ਸੌਂਪਿਆ ਸੀ ਤਾਂ ਜੋ ਸ਼ਹਿਰ ਵਿੱਚੋਂ ਆਵਾਜਾਈ ਸਮੱਸਿਆ ਦਾ ਨਿਬੇੜਾ ਕੀਤਾ ਜਾ ਸਕੇ। 



ਰਾਈਟਸ ਨੇ ਟ੍ਰਾਈਸਿਟੀ ਦੇ ਅਧਿਕਾਰੀਆਂ ਨਾਲ ਵੱਖ-ਵੱਖ ਸਮੇਂ ’ਤੇ ਮੀਟਿੰਗਾਂ ਕੀਤੀਆਂ ਤੇ ਸ਼ਹਿਰ ਵਿੱਚ ਵੱਧ ਭੀੜ-ਭੜੱਕੇ ਵਾਲੇ ਚੌਕਾਂ ਦੀ ਸ਼ਨਾਖਤ ਕੀਤੀ। ਇਸ ਤੋਂ ਬਾਅਦ ਰਾਈਟਸ ਨੇ ਆਪਣੀ ਰਿਪੋਰਟ ਵਿੱਚ ਟ੍ਰਾਈਸਿਟੀ ਵਿੱਚ 64 ਕਿੱਲੋਂਮੀਟਰ ਲੰਬਾ ਮੈਟਰੋ ਨੈੱਟਵਰਕ ਤਿਆਰ ਕਰਨ ਦਾ ਪ੍ਰਸਤਾਵ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਮੈਟਰੋ ਨੂੰ ਸ਼ਹਿਰ ਵਿੱਚ ਦੋ ਹਿੱਸਿਆਂ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ। 



ਪਹਿਲੇ ਗੇੜ ਵਿੱਚ 44.8 ਕਿੱਲੋਮੀਟਰ ਲੰਬਾਈ ਵਾਲੇ ਤਿੰਨ ਕੋਰੀਡੋਰ ਹੋਣਗੇ। ਇਸ ਵਿੱਚੋਂ 16 ਕਿੱਲੋਮੀਟਰ ਭੂਮੀਗਤ ਤੇ 28.8 ਕਿੱਲੋਮੀਟਰ ਜ਼ਮੀਨ ’ਤੇ ਮੈਟਰੋ ਤਿਆਰ ਕੀਤੀ ਜਾ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੇ ਪੜਾਅ ਵਿੱਚ 17.8 ਕਿੱਲੋਮੀਟਰ ਦੀ ਲੰਬਾਈ ਵਾਲਾ ਮੈਟਰੋ ਕੋਰੀਡੋਰ ਮੱਧ ਮਾਰਗ ਨੂੰ ਕਵਰ ਕਰੇਗਾ ਜੋ ਸਾਰੰਗਪੁਰ ਤੋਂ ਸ਼ੁਰੂ ਹੋ ਕੇ ਖੁੱਡਾ ਲਾਹੌਰਾ ਹੁੰਦਿਆਂ ਹੋਇਆ ਹਾਊਸਿੰਗ ਬੋਰਡ ਚੌਕ ਤੱਕ ਜਾਵੇਗਾ। ਇਸ ਨੂੰ ਆਈਟੀ ਪਾਰਕ ਵਿੱਚ ਸਮਾਪਤ ਕੀਤਾ ਜਾਵੇਗਾ। 



ਇਸੇ ਤਰ੍ਹਾਂ 10 ਕਿੱਲੋਮੀਟਰ ਦੀ ਲੰਬਾਈ ਵਾਲੇ ਮੈਟਰੋ ਨਾਲ ਹਿਮਾਲਿਆ ਮਾਰਗ ਨੂੰ ਕਰਵ ਕੀਤਾ ਜਾਵੇਗਾ। ਇਹ ਮੈਟਰੋ ਸੈਕਟਰ-1 ਤੋਂ ਸ਼ੁਰੂ ਹੋ ਕੇ ਸੈਕਟਰ-17 ਨੂੰ ਕਵਰ ਕਰਦੀ ਹੋਈ ਸੈਕਟਰ-51 ਵਿੱਚ ਸਮਾਪਤ ਹੋਵੇਗੀ। ਇਸੇ ਤਰ੍ਹਾਂ ਤੀਜੇ ਕੋਰੀਡੋਰ ਵਿੱਚ 17 ਕਿੱਲੋਮੀਟਰ ਤਹਿਤ ਆਈਟੀ ਪਾਰਕ, ਸੈਕਟਰ-26, ਪੁਰਬੀ ਮਾਰਗ, ਵਿਕਾਸ ਮਾਰਗ ਸੈਕਟਰ-38 ਦੇ ਪੱਛਮ ਤੋਂ ਹੁੰਦਾ ਹੋਇਆ ਡੱਡੂਮਾਜਰਾ ਨੂੰ ਕਵਰ ਕਰੇਗਾ। ਇਸੇ ਤਰ੍ਹਾਂ ਦੂਜੇ ਪੜਾਅ ਵਿੱਚ ਮੈਟਰੋ ਪ੍ਰਣਾਲੀ ਨੂੰ ਮੁਹਾਲੀ ਤੱਕ 13 ਕਿੱਲੋਮੀਟਰ ਤੇ ਪੰਚਕੂਲਾ ਤੱਕ 6.5 ਕਿੱਲੋਮੀਟਰ ਤੱਕ ਵਧਾਇਆ ਜਾਵੇਗਾ। 


ਇਸ ਤਰ੍ਹਾਂ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਨੂੰ ਮੈਟਰੋ ਰਾਹੀਂ ਆਪਸ ਵਿੱਚ ਜੋੜਿਆ ਜਾਵੇਗਾ। ਗੌਰਤਲਬ ਹੈ ਕਿ ਮੁਹਾਲੀ ਵਿੱਚ ਮੈਟਰੋ ਸੈਕਟਰ-52 ਸਟੇਸ਼ਨ ਤੋਂ ਸ਼ੁਰੂ ਕਰਨ ਦੀ ਤਜਵੀਜ਼ ਹੈ ਜੋ ਸੈਕਟਰ-62 ਨੂੰ ਕਵਰ ਕਰਦੇ ਹੋਏ ਸੈਕਟਰ-104 ਬੱਸ ਅੱਡੇ ’ਤੇ ਸਮਾਪਤ ਹੋਵੇਗੀ। ਇਸੇ ਤਰ੍ਹਾਂ ਪੰਚਕੂਲਾ ਵਿੱਚ ਮੈਟਰੋ ਢਿੱਲੋਂ ਸਿਨੇਮਾ ਚੌਕ ਤੋਂ ਸ਼ੁਰੂ ਹੋ ਕੇ ਸੈਕਟਰ-21 ਤੱਕ ਲਿਜਾਉਣ ਦੀ ਤਜਵੀਜ਼ ਰੱਖੀ ਗਈ ਹੈ।