Chandigarh News: ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਦੇ ਕਤਲ ਦੇ ਪੰਜਾਬ ਨਾਲ ਜੁੜੇ ਤਾਰ, ਹੁਣ ਹੈਰਾਨੀਜਨਕ ਖੁਲਾਸਾ
Chandigarh News: ਰਾਜਸਥਾਨ ਦੇ ਜੈਪੁਰ 'ਚ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਕੇਸ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਇਸ ਕਤਲ ਦੇ ਸਬੰਧ ਹੁਣ ਪੰਜਾਬ ਨਾਲ ਆ ਜੁੜੇ ਹਨ।
Chandigarh News: ਰਾਜਸਥਾਨ ਦੇ ਜੈਪੁਰ 'ਚ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਕੇਸ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਇਸ ਕਤਲ ਦੇ ਸਬੰਧ ਹੁਣ ਪੰਜਾਬ ਨਾਲ ਆ ਜੁੜੇ ਹਨ। ਇਸ ਕਤਲ ਕੇਸ ਵਿੱਚ ਗ੍ਰਿਫਤਾਰ ਵਿਅਕਤੀਆਂ ਨੇ 28 ਨਵੰਬਰ ਨੂੰ ਸੋਹਾਣਾ ਥਾਣੇ ਅਧੀਨ ਪੈਂਦੀ ਹਰਭਜਨ ਸੁਸਾਇਟੀ ਤੋਂ 400 ਮੀਟਰ ਦੂਰ ਟੈਕਸੀ ਡਰਾਈਵਰ ਜਤਿੰਦਰ ਸਿੰਘ ਤੋਂ ਬੰਦੂਕ ਦੀ ਨੋਕ 'ਤੇ ਸਵਿਫਟ ਕਾਰ ਖੋਹੀ ਸੀ।
ਡਰਾਈਵਰ ਜਤਿੰਦਰ ਅਨੁਸਾਰ ਗੋਗਾਮੇੜੀ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਨਿਤਿਨ ਤੇ ਰੋਹਿਤ ਨੇ ਉਸ ਦੀ ਟੈਕਸੀ ਤੇ 10 ਹਜ਼ਾਰ ਰੁਪਏ ਲੁੱਟ ਲਏ ਸਨ। ਉਹ ਉਨ੍ਹਾਂ ਦੇ ਚਿਹਰਿਆਂ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ। ਜਤਿੰਦਰ ਸਿੰਘ ਦੀ ਸ਼ਿਕਾਇਤ 'ਤੇ 28 ਨਵੰਬਰ ਨੂੰ ਸੋਹਾਣਾ ਥਾਣੇ 'ਚ ਐਫਆਈਆਰ ਦਰਜ ਕੀਤੀ ਸੀ। ਹਾਲਾਂਕਿ ਸੋਹਾਣਾ ਪੁਲਿਸ ਇਸ ਮਾਮਲੇ 'ਚ ਅਜੇ ਤੱਕ ਟੈਕਸੀ ਦਾ ਪਤਾ ਨਹੀਂ ਲਾ ਸਕੀ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਡਰਾਈਵਰ ਜਤਿੰਦਰ ਸਿੰਘ ਵਾਸੀ ਸੈਕਟਰ 115 ਨੇ ਦੱਸਿਆ ਕਿ ਉਹ ਮੁਹਾਲੀ ਵਿੱਚ ਟੈਕਸੀ ਚਲਾਉਂਦਾ ਹੈ। 28 ਨਵੰਬਰ ਨੂੰ ਦੋ ਨੌਜਵਾਨਾਂ ਨੇ ਬਾਕਰਪੁਰ ਦੇ ਅੱਗੇ ਐਚਪੀ ਪੈਟਰੋਲ ਪੰਪ ਤੋਂ ਟੈਕਸੀ ਬੁੱਕ ਕੀਤੀ ਸੀ। ਉਸ ਸਮੇਂ ਬੁਕਿੰਗ 'ਤੇ ਬੰਨੀ ਨਾਂ ਦਿਖਾਈ ਦੇ ਰਿਹਾ ਸੀ। ਦੋਵੇਂ ਨੌਜਵਾਨਾਂ ਨੇ ਸੈਕਟਰ 114 ਸਥਿਤ ਹਰਭਜਨ ਸੁਸਾਇਟੀ ਵਿੱਚ ਜਾਣਾ ਸੀ।
ਦੋਵੇਂ ਨੌਜਵਾਨਾਂ ਨੇ ਉਲਟੀ ਕਰਨ ਦੇ ਬਹਾਨੇ ਕਾਰ ਹਰਭਜਨ ਸੁਸਾਇਟੀ ਤੋਂ 400 ਮੀਟਰ ਪਹਿਲਾਂ ਸੁੰਨਸਾਨ ਜਗ੍ਹਾ 'ਤੇ ਰੁਕਵਾ ਲਈ। ਇਸ ਦੌਰਾਨ ਡਰਾਈਵਰ ਦੀ ਸੀਟ ਦੇ ਕੋਲ ਬੈਠੇ ਨੌਜਵਾਨ ਨੇ ਉਸ ਵੱਲ ਪਿਸਤੌਲ ਤਾਣ ਲਈ ਤੇ ਉਸ ਦੇ ਪਿੱਛੇ ਬੈਠੇ ਨੌਜਵਾਨ ਨੇ ਵੀ ਉਸ ਨੂੰ ਕਿਰਚ ਵਿਖਾਈ। ਦੋਵੇਂ ਮੁਲਜ਼ਮ ਉਸ ਦਾ ਪਰਸ ਲੈ ਗਏ ਜਿਸ ਵਿੱਚ 10 ਹਜ਼ਾਰ ਰੁਪਏ ਸੀ।
ਇਸ ਮਾਮਲੇ ਸਬੰਧੀ ਮੁਹਾਲੀ ਦੇ ਡੀਐਸਪੀ-2 ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡਰਾਈਵਰ ਜਤਿੰਦਰ ਨੂੰ ਥਾਣੇ ਬੁਲਾਇਆ ਗਿਆ ਹੈ। ਇਸ ਮਗਰੋਂ ਮੁਲਜ਼ਮਾਂ ਦੀ ਪਛਾਣ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ 'ਚ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ 28 ਨਵੰਬਰ ਨੂੰ ਕਾਰ ਲੁੱਟਣ ਦੇ ਮਾਮਲੇ 'ਚ ਥਾਣਾ ਸਦਰ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੱਸ ਦਈਏ ਕਿ ਕੱਲ੍ਹ ਹੀ ਨਿਤਿਨ ਫੌਜੀ, ਰੋਹਿਤ ਰਾਠੌਰ ਤੇ ਊਧਮ ਸਿੰਘ ਨੂੰ ਚੰਡੀਗੜ੍ਹ ਦੇ ਸੈਕਟਰ 24 ਸਥਿਤ ਕਮਲ ਰੈਸਟ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਹ ਤਿੰਨੇ ਸ਼ਨੀਵਾਰ ਸ਼ਾਮ ਨੂੰ ਇਸ ਰੈਸਟ ਹਾਊਸ 'ਚ ਆ ਕੇ ਰੁਕੇ ਸਨ। ਉਨ੍ਹਾਂ ਨੇ ਇੱਥੇ ਇੱਕ ਕਮਰਾ 900 ਰੁਪਏ ਵਿੱਚ ਬੁੱਕ ਕਰਵਾਇਆ ਸੀ।