Chandigarh News: ਮੁਹਾਲੀ ਦੇ ਕੁਰਾਲੀ ਫੋਕਲ ਪੁਆਇੰਟ 'ਤੇ ਸਥਿਤ ਇੱਕ ਕੈਮੀਕਲ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਇਸ ਵਿੱਚ ਕਰੀਬ 8 ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਏ। ਇਨ੍ਹਾਂ ਵਿੱਚੋਂ 3 ਨੂੰ ਮੁਹਾਲੀ ਰੈਫਰ ਕਰ ਦਿੱਤਾ ਗਿਆ ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਾਕੀ 5 ਨੂੰ ਕੁਰਾਲੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁਹਾਲੀ ਤੋਂ ਇਲਾਵਾ ਰੋਪੜ ਤੋਂ ਸਿਹਤ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਅੱਗ ਲੱਗਦੇ ਹੀ ਪੂਰੇ ਅਸਮਾਨ ਵਿੱਚ ਧੂੰਏਂ ਦੇ ਬੱਦਲ ਛਾ ਗਏ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਮੌਕੇ 'ਤੇ ਮੌਜੂਦ ਹਨ। ਫੈਕਟਰੀ ਦੇ ਅੰਦਰੋਂ ਧਮਾਕਿਆਂ ਦੀ ਆਵਾਜ਼ ਆ ਰਹੀ ਹੈ। ਅੱਖਾਂ ਵਿੱਚ ਜਲਨ ਤੇ ਆਸ-ਪਾਸ ਦੇ ਖੇਤਰਾਂ ਵਿੱਚ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਹੋ ਰਹੀ ਹੈ।
ਕੈਮੀਕਲ ਫੈਕਟਰੀ ਕਾਰਨ ਇੱਥੇ ਸਥਿਤੀ ਕਾਫੀ ਖਤਰਨਾਕ ਬਣ ਗਈ ਹੈ। ਨੇੜੇ ਹੀ ਹੋਰ ਫੈਕਟਰੀਆਂ ਹਨ। ਅਜਿਹੇ 'ਚ ਜੇਕਰ ਅੱਗ ਫੈਲਦੀ ਹੈ ਤਾਂ ਇਲਾਕੇ 'ਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਹ ਅੱਗ ਫੈਕਟਰੀ ਦੇ ਅੰਦਰ ਰੱਖੇ ਕੈਮੀਕਲ ਵਿੱਚ ਲੱਗੀ ਦੱਸੀ ਜਾ ਰਹੀ ਹੈ। ਇਸ ਕਾਰਨ ਇਹ ਵਧ ਰਹੀ ਹੈ। ਹੁਣ ਇਸ ਅੱਗ ਨੂੰ ਬੁਝਾਉਣ ਲਈ ਮੁਹਾਲੀ ਤੋਂ ਵਿਸ਼ੇਸ਼ ਕੈਮੀਕਲ ਲਿਆਂਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab News: ਜੇਲ੍ਹ 'ਚ ਨਸ਼ੇ ਦੀ ਸ਼ਰੇਆਮ ਸਪਲਾਈ! ਦੋ ਸਹਾਇਕ ਸੁਪਰਡੈਂਟਾਂ ਸਣੇ 6 ਮੁਲਾਜ਼ਮ ਸਸਪੈਂਡ
ਹਾਸਲ ਜਾਣਕਾਰੀ ਮੁਤਾਬਕ ਕਰੀਬ 1:30 ਵਜੇ ਅੱਗ ਬੁਝਾਉਂਦੇ ਸਮੇਂ ਫੈਕਟਰੀ ਵਿੱਚ ਦੋ ਧਮਾਕੇ ਹੋਏ। ਇਹ ਧਮਾਕੇ ਕੈਮੀਕਲ ਨਾਲ ਭਰੇ ਡਰੰਮ ਦੇ ਫਟਣ ਕਾਰਨ ਹੋਏ ਦੱਸੇ ਜਾ ਰਹੇ ਹਨ। ਫਾਇਰ ਬ੍ਰਿਗੇਡ ਦੇ ਕਰਮਚਾਰੀ ਬੜੀ ਸਾਵਧਾਨੀ ਨਾਲ ਅੱਗ ਬੁਝਾ ਰਹੇ ਹਨ ਕਿਉਂਕਿ ਡਰੰਮ ਫਟਣ ਨਾਲ ਕੈਮੀਕਲ ਨਿਕਲਣ ਦਾ ਖਦਸ਼ਾ ਹੈ।
ਕੈਮੀਕਲ ਫੈਕਟਰੀ 'ਚ ਅੱਗ ਅਜੇ ਵੀ ਤੇਜ਼ੀ ਨਾਲ ਵਧ ਰਹੀ ਹੈ। ਮੌਕੇ 'ਤੇ ਤੇਜ਼ ਹਵਾ ਚੱਲਣ ਕਾਰਨ ਆਸ-ਪਾਸ ਦੀਆਂ ਹੋਰ ਫੈਕਟਰੀਆਂ 'ਚ ਵੀ ਅੱਗ ਲੱਗਣ ਦਾ ਖਤਰਾ ਬਣਿਆ ਹੋਇਆ ਹੈ। ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਹੋਰ ਫੈਕਟਰੀਆਂ ਤੋਂ ਮਜ਼ਦੂਰਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ।
ਅੱਗ ਦਾ ਸ਼ਿਕਾਰ ਹੋਈਆਂ ਦੋ ਔਰਤਾਂ ਅੰਜੂ ਤੇ ਸੰਧਿਆ ਕੁਮਾਰੀ 70 ਫੀਸਦੀ ਝੁਲਸ ਗਈਆਂ। ਉਸ ਨੂੰ ਮੁਹਾਲੀ ਦੇ ਫੇਜ਼-6 ਸਥਿਤ ਹਸਪਤਾਲ ਤੋਂ ਜੀਐਮਸੀਐਚ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਨਿਭਾ ਕੁਮਾਰੀ, ਜੈਦੇਵ ਦੇਵੀ ਤੇ ਦਿਲਜੀਤ ਕੌਰ ਦਾ ਮੁਹਾਲੀ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Punjab Weather Report: ਕਿਸਾਨਾਂ ਲਈ ਖੁਸ਼ਖਬਰੀ! ਹੁਣ ਮੌਸਮ ਰਹੇਗਾ ਸਾਫ, ਵੇਖੋ ਹਫਤੇ ਭਰ ਦੀ ਰਿਪੋਰਟ