Chandigarh News: ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕੇਦਾਰ ਨਹੀਂ ਲੱਭ ਰਹੇ। ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਲਗਾਤਾਰ ਪੰਜ ਵਾਰ ਠੇਕਿਆਂ ਦੀ ਨਿਲਾਮੀ ਕਰਵਾ ਚੁੱਕਾ ਹੈ ਪਰ ਅਜੇ ਵੀ 25 ਠੇਕਿਆਂ ਦੀ ਲਈ ਕਿਸੇ ਨੇ ਵੀ ਬੋਲੀ ਨਹੀਂ ਲਾਈ। ਹੈਰਾਨੀ ਦੀ ਗੱਲ ਹੈ ਕਿ ਇਸ ਵਾਰ ਸ਼ਰਾਬ ਠੇਕਿਆਂ ਦੀ ਰਾਖਵੀਂ ਕੀਮਤ ਵਿੱਚ 6 ਤੋਂ 10 ਫ਼ੀਸਦ ਤੱਕ ਦੀ ਕਟੌਤੀ ਕੀਤੀ ਗਈ ਸੀ। ਇਸ ਦੇ ਬਾਵਜੂਦ ਕੋਈ ਠੇਕੇ ਲੈਣ ਲਈ ਤਿਆਰੀ ਨਹੀਂ।
ਉਧਰ ਠੇਕੇਦਾਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸ਼ਰਾਬ ਦਾ ਖੁੱਲ੍ਹਾ ਕੋਟਾ ਹੈ ਪਰ ਚੰਡੀਗੜ੍ਹ ਵਿੱਚ ਇੱਕ ਸਾਲ ਲਈ 18 ਲੱਖ ਸ਼ਰਾਬ ਦੀਆਂ ਪੇਟੀਆਂ ਦਾ ਸ਼ਰਾਬ ਦਾ ਕੋਟਾ ਤੈਅ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਤੇ ਪੰਚਕੂਲਾ ਵਿੱਚ ਕੀਮਤਾਂ ਚੰਡੀਗੜ੍ਹ ਦੇ ਬਰਾਬਰ ਹਨ, ਜਦੋਂਕਿ ਪਹਿਲਾਂ ਚੰਡੀਗੜ੍ਹ ਵਿੱਚ ਸ਼ਰਾਬ ਦੋਵਾਂ ਸੂਬਿਆਂ ਦੇ ਮੁਕਾਬਲੇ ਸਸਤੀ ਹੁੰਦੀ ਸੀ। ਇਸ ਲਈ ਚੰਡੀਗੜ੍ਹ ਵਿੱਚ ਸ਼ਰਾਬ ਦਾ ਕਾਰੋਬਾਰ ਫਾਇਦੇਮੰਦ ਨਹੀਂ ਲੱਗ ਰਿਹਾ।
ਦਰਅਸਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਲਿਆਂਦੀ ਗਈ ਨਵੀਂ ਆਬਕਾਰੀ ਨੀਤੀ ਦਾ ਸੇਕ ਹੀ ਰਾਜਧਾਨੀ ਚੰਡੀਗੜ੍ਹ ਨੂੰ ਲੱਗ ਰਿਹਾ ਹੈ। ਇਸੇ ਕਰਕੇ ਸ਼ਰਾਬ ਦੇ ਕਾਰੋਬਾਰ ਵਿੱਚ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ ਚੰਡੀਗੜ੍ਹ ਨੂੰ ਇਸ ਵਾਰ ਸ਼ਰਾਬ ਦੇ ਠੇਕਿਆਂ ਲਈ ਖਰੀਦਦਾਰ ਵੀ ਨਹੀਂ ਮਿਲ ਰਹੇ। ਲਗਾਤਾਰ ਪੰਜ ਵਾਰ ਨਿਲਾਮੀ ਕਰਾਉਣ ਮਗਰੋਂ ਵੀ ਠੇਕੇਦਾਰ ਨਾ ਮਿਲਣ ਕਰਕੇ ਹੁਣ ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ 25 ਠੇਕਿਆਂ ਲਈ ਮੁੜ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ 6 ਅਪਰੈਲ ਨੂੰ ਸ਼ਹਿਰ ’ਚ 5ਵੀਂ ਵਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕਰਨ ਦੇ ਬਾਵਜੂਦ ਸਾਰੇ ਠੇਕਿਆਂ ਲਈ ਠੇਕੇਦਾਰ ਨਹੀਂ ਮਿਲ ਸਕੇ। ਕਰ ਤੇ ਆਬਕਾਰੀ ਵਿਭਾਗ ਨੇ 29 ਠੇਕਿਆਂ ਦੀ ਨਿਲਾਮੀ ਰੱਖੀ ਗਈ ਸੀ, ਜਿਸ ਲਈ 5 ਜਣਿਆਂ ਨੇ ਠੇਕੇ ਖਰੀਦਣ ਦੀ ਇੱਛਾ ਜ਼ਾਹਿਰ ਕੀਤੀ ਤੇ ਚਾਰ ਠੇਕੇ ਹੀ ਨਿਲਾਮ ਹੋ ਸਕੇ ਹਨ। ਵਿਭਾਗ ਵੱਲੋਂ ਰਹਿੰਦੇ 25 ਠੇਕਿਆਂ ਲਈ ਮੁੜ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਵੀਰਵਾਰ ਨੂੰ ਨਿਲਾਮ ਹੋਏ ਠੇਕਿਆਂ ਵਿੱਚ ਸੈਕਟਰ-7 ਦੀ ਅੰਦਰੁਨੀ ਮਾਰਕੀਟ, ਸੈਕਟਰ-25 ਮਾਰਕੀਟ, ਸੈਕਟਰ-44-ਡੀ ਅਤੇ ਸੈਕਟਰ-47 ਸੀ ਦਾ ਠੇਕਾ ਸ਼ਾਮਲ ਹੈ। ਇਸ ਵਿੱਚੋਂ ਸਭ ਤੋਂ ਮਹਿੰਗਾ ਠੇਕਾ ਸੈਕਟਰ-47 ਸੀ ਵਾਲਾ ਵਿਕਿਆ ਹੈ। ਇਸ ਠੇਕੇ ਦੀ ਰਾਖਵੀਂ ਕੀਮਤ 6,73,58,640 ਰੁਪਏ ਦੇ ਬਦਲੋ 7,00,00,025 ਰੁਪਏ ਵਿੱਚ ਨਿਲਾਮ ਹੋਇਆ ਹੈ। ਇਸੇ ਤਰ੍ਹਾਂ ਸੈਕਟਰ-7 ਅੰਦਰੂਨੀ ਮਾਰਕੀਟ ਵਾਲਾ ਠੇਕਾ 5,35,25,048 ਰੁਪਏ ਦੇ ਬਦਲਾ 5,37,77,777 ਰੁਪਏ ਤੇ ਸੈਕਟਰ-44 ਡੀ ਵਾਲਾ ਠੇਕਾ 5,22,03,726 ਰੁਪਏ ਦੇ ਬਦਲੇ 5,22,13,725 ਰੁਪਏ ਵਿੱਚ ਨਿਲਾਮ ਹੋਇਆ ਹੈ, ਜਦੋਂਕਿ ਸੈਕਟਰ-25 ਮਾਰਕੀਟ ਵਾਲਾ ਠੇਕਾ 2,80,80,056 ਵਿੱਚ ਨਿਲਾਮ ਹੋਇਆ ਹੈ। ਇਸ ਦੀ ਰਾਖਵੀਂ ਕੀਮਤ 2,60,09,730 ਰੁਪਏ ਤੈਅ ਕੀਤੀ ਗਈ ਸੀ।
ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੇ ਵਿੱਤ ਵਰ੍ਹੇ 2023-24 ਵਿੱਚ ਆਬਕਾਰੀ ਤੋਂ 830 ਕਰੋੜ ਰੁਪਏ ਕਮਾਉਣ ਦਾ ਟੀਚਾ ਰੱਖਿਆ ਹੈ। ਵਿਭਾਗ ਨੇ 15 ਮਾਰਚ ਨੂੰ 95 ਵਿੱਚੋਂ 43 ਠੇਕੇ ਨਿਲਾਮ ਕਰਕੇ 202 ਕਰੋੜ ਰੁਪਏ ਰਾਖਵੀਂ ਕੀਮਤ ਦੇ ਬਦਲੇ 221.59 ਕਰੋੜ ਰੁਪਏ ਮਾਲੀਆ ਇਕੱਠਾ ਕੀਤਾ ਸੀ। ਉਸ ਤੋਂ ਬਾਅਦ 21 ਮਾਰਚ ਨੂੰ 52 ਵਿੱਚੋਂ ਸਿਰਫ਼ 11 ਠੇਕੇ ਨਿਲਾਮ ਕਰਕੇ 51.27 ਕਰੋੜ ਰੁਪਏ ਰਾਖਵੀਂ ਕੀਮਤ ਬਦਲੇ 54.85 ਕਰੋੜ ਰੁਪਏ ਹੀ ਇਕੱਠੇ ਕੀਤੇ ਸਨ। ਇਸ ਤਰ੍ਹਾਂ ਕਰ ਤੇ ਆਬਕਾਰੀ ਵਿਭਾਗ ਨੇ ਸ਼ਹਿਰ ਵਿੱਚ 95 ਵਿੱਚੋਂ 70 ਠੇਕੇ ਨਿਲਾਮ ਕਰਕੇ 354.95 ਕਰੋੜ ਰੁਪਏ ਮਾਲੀਆ ਇਕੱਠਾ ਕੀਤੀ ਹੈ, ਜਦੋਂ ਕਿ ਰਾਖਵੀਂ ਕੀਮਤ 330.87 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ: Corona in Punjab: ਸਿਰਫ 24 ਘੰਟਿਆਂ 'ਚ 100 ਕੋਰੋਨਾ ਪੌਜੇਟਿਵ, ਸੀਐਮ ਮਾਨ ਨੇ ਬੁਲਾਈ ਸਿਹਤ ਮਹਿਕਮੇ ਦੀ ਮੀਟਿੰਗ