Blast in Punjab: ਬੀਜੇਪੀ ਲੀਡਰ ਕਾਲੀਆ ਦੇ ਘਰ 'ਤੇ ਹਮਲੇ ਦੀ ਯੂਪੀ ਨਾਲ ਜੁੜੇ ਤਾਰ, ਐਕਸ਼ਨ ਮੋਡ 'ਚ ਪੰਜਾਬ ਪੁਲਿਸ
ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲੇ ਦੇ ਤਾਰ ਉੱਤਰ ਪ੍ਰਦੇਸ਼ ਨਾਲ ਜਾ ਜੁੜੇ ਹਨ। ਇਸ ਸਾਰੇ ਹਮਲੇ ਦੀ ਸਾਜ਼ਿਸ਼ ਯੂਪੀ ਤੋਂ ਹੀ ਰਚੀ ਗਈ ਸੀ। ਪੰਜਾਬ ਪੁਲਿਸ ਦੇ ਡੀਜੀਪੀ ਨੇ ਯੂਪੀ ਦੇ ਡੀਜੀਪੀ ਤੇ ਸਰਕਾਰ...

Blast in Punjab: ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲੇ ਦੇ ਤਾਰ ਉੱਤਰ ਪ੍ਰਦੇਸ਼ ਨਾਲ ਜਾ ਜੁੜੇ ਹਨ। ਇਸ ਸਾਰੇ ਹਮਲੇ ਦੀ ਸਾਜ਼ਿਸ਼ ਯੂਪੀ ਤੋਂ ਹੀ ਰਚੀ ਗਈ ਸੀ। ਪੰਜਾਬ ਪੁਲਿਸ ਦੇ ਡੀਜੀਪੀ ਨੇ ਯੂਪੀ ਦੇ ਡੀਜੀਪੀ ਤੇ ਸਰਕਾਰ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਚੌਕਸ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਤੋਂ ਤੇਜ਼ਤਰਾਰ ਅਧਿਕਾਰੀਆਂ ਦੀਆਂ ਟੀਮਾਂ ਗਾਜ਼ੀਆਬਾਦ ਭੇਜੀਆਂ ਗਈਆਂ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਚਚੇਰੇ ਭਰਾ ਹਨ। ਇਨ੍ਹਾਂ ਵਿੱਚੋਂ ਇੱਕ ਦੀ ਉਮਰ 28 ਸਾਲ ਤੇ ਦੂਜਾ 20 ਸਾਲ ਦਾ ਹੈ। ਕੁਝ ਦਿਨ ਪਹਿਲਾਂ ਦੋਵੇਂ ਜਲੰਧਰ ਵਿੱਚ ਰਹੇ ਸਨ ਤੇ ਕਾਲੀਆ ਦੇ ਘਰ ਦੀ ਰੇਕੀ ਕੀਤੀ ਸੀ। ਜਦੋਂ ਪੁਲਿਸ ਟੀਮਾਂ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਨ੍ਹਾਂ ਨੇ ਮੋਬਾਈਲ ਨੰਬਰ ਦਾ ਖੁਲਾਸਾ ਕੀਤਾ ਤੇ ਦੱਸਿਆ ਕਿ ਇਸ ਨੰਬਰ ਤੋਂ ਉਨ੍ਹਾਂ ਨੂੰ ਕੰਮ ਤੇ ਪੈਸੇ ਭੇਜੇ ਗਏ ਸਨ। ਜਦੋਂ ਪੁਲਿਸ ਨੇ ਉਕਤ ਨੰਬਰ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਨੰਬਰ ਯੂਪੀ ਦਾ ਸੀ ਤੇ ਉਕਤ ਨੰਬਰ ਹਰਿਆਣਾ ਵਿੱਚ ਵੀ ਪਾਇਆ ਗਿਆ ਸੀ।
ਜਾਂਚ ਮਗਰੋਂ ਇੱਕ ਸਾਰਾ ਮਾਮਲਾ ਡੀਜੀਪੀ ਯਾਦਵ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਇੱਕ ਸਾਂਝੀ ਟੀਮ ਬਣਾ ਕੇ ਗਾਜ਼ੀਆਬਾਦ ਭੇਜੀ ਗਈ। ਦੋ ਮਾਸਟਰਮਾਈਂਡਾਂ ਦੇ ਉੱਥੇ ਲੁਕੇ ਹੋਣ ਦੀ ਉਮੀਦ ਹੈ। ਮਾਮਲੇ ਦੀ ਤੈਅ ਤੱਕ ਜਾਣ ਲਈ ਪੰਜਾਬ ਪੁਲਿਸ ਤੇ ਯੂਪੀ ਪੁਲਿਸ ਵਿਚਕਾਰ ਤਾਲਮੇਲ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਗੁਰਦਾਸਪੁਰ ਵਿੱਚ ਹੋਏ ਗ੍ਰਨੇਡ ਹਮਲੇ ਵਿੱਚ ਸ਼ਾਮਲ ਤਿੰਨ ਸ਼ੱਕੀ ਪੰਜਾਬੀ ਨੌਜਵਾਨ ਯੂਪੀ ਦੇ ਪੀਲੀਭੀਤ ਵਿੱਚ ਪੁਲਿਸ ਨਾਲ ਮੁਕਾਬਲੇ ਵਿੱਚ ਮਾਰੇ ਗਏ ਸਨ।
ਦੱਸ ਦਈਏ ਕਿ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਹੋਏ ਗ੍ਰੇਨੇਡ ਹਮਲੇ ਮਗਰੋਂ ਸਿਆਸਤ ਗਰਮਾ ਗਈ ਹੈ। ਹਮਲੇ ਤੋਂ ਤੁਰੰਤ ਬਾਅਦ ਬੀਜੇਪੀ ਐਕਸ਼ਨ ਮੋਡ ਵਿੱਚ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਬੀਜੇਪੀ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫਾ ਮੰਗਿਆ ਹੈ। ਉਧਰ, ਪੰਜਾਬ ਦੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ, ਸ਼ਹਿਜ਼ਾਦ ਭੱਟੀ ਤੇ ਜ਼ੀਸ਼ਾਨ ਅਖ਼ਤਰ ਨੇ ਇਸ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ।
ਪੁਲਿਸ ਅਨੁਸਾਰ ਇਹ ਹਮਲਾ ਪੰਜਾਬ ’ਚ ਧਾਰਮਿਕ ਸਾਂਝ ਨੂੰ ਖਰਾਬ ਕਰਨ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਕੰਮ ਸੀ। ਹਮਲੇ ਦੇ ਮਾਸਟਰਮਾਈਂਡ ਦੀ ਪਛਾਣ ਜ਼ੀਸ਼ਾਨ ਅਖ਼ਤਰ ਦੇ ਰੂਪ ’ਚ ਹੋਈ ਹੈ, ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ। ਜ਼ੀਸ਼ਾਨ ਅਖ਼ਤਰ ਐਨਸੀਪੀ ਦੇ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ ’ਚ ਵੀ ਲੋੜੀਂਦਾ ਹੈ।






















