Jalandhar by Election: ਪੰਜਾਬ 'ਚ ਮਾਫੀਆ ਵਧਿਆ ਜਾਂ ਫਿਰ ਘਟਿਆ? ਜਲੰਧਰ ਜ਼ਿਮਨੀ ਚੋਣ 'ਚ ਬਣਿਆ ਵੱਡਾ ਮੁੱਦਾ
Jalandhar bypoll: ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਪੰਜਾਬ ਵਿੱਚ ਮਾਫੀਆ ਵਧਿਆ ਹੈ ਜਾਂ ਫਿਰ ਘਟਿਆ ਹੈ। ਜਲੰਧਰ ਜ਼ਿਮਨੀ ਚੋਣ ਵਿੱਚ ਪ੍ਰਚਾਰ ਦੌਰਾਨ ਇਹ ਮੁੱਦਾ ਛਾਇਆ ਹੋਇਆ ਹੈ।
Jalandhar by Election: ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਪੰਜਾਬ ਵਿੱਚ ਮਾਫੀਆ ਵਧਿਆ ਹੈ ਜਾਂ ਫਿਰ ਘਟਿਆ ਹੈ। ਜਲੰਧਰ ਜ਼ਿਮਨੀ ਚੋਣ ਵਿੱਚ ਪ੍ਰਚਾਰ ਦੌਰਾਨ ਇਹ ਮੁੱਦਾ ਛਾਇਆ ਹੋਇਆ ਹੈ। ਇੱਕ ਪਾਸੇ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ਮਗਰੋਂ ਮਾਫੀਆ ਦਾ ਖਾਤਮਾ ਹੋ ਗਿਆ ਹੈ ਤਾਂ ਦੂਜੇ ਪਾਸੇ ਬੀਜੇਪੀ ਨੇ ਦਾਅਵਾ ਕੀਤਾ ਹੈ ਕਿ ਮਾਫੀਆ ਦੀ ਦਹਿਸ਼ਤ ਵਧੀ ਹੈ।
ਇਸ ਬਾਰੇ ਬੀਜੇਪੀ ਦੇ ਸੀਨੀਅਰ ਲੀਡਰ ਤੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਵਿੱਚ ਮਾਫੀਆ ਦਾ ਬੋਲਬਾਲਾ ਵਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਤਸਕਰੀ ਪਹਿਲਾਂ ਨਾਲੋਂ ਵੱਧ ਗਈ ਹੈ।
ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਇੱਥੇ ਦਿਨ-ਦਿਹਾੜੇ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤੇ ਕਬੱਡੀ ਖਿਡਾਰੀਆਂ ਅਤੇ ਕਾਰੋਬਾਰੀਆਂ ਦੇ ਕਤਲ ਹੋ ਰਹੇ ਹਨ। ਜੇਲ੍ਹਾਂ ਵਿੱਚ ਅਪਰਾਧੀਆਂ ਦੀ ਗੈਂਗਵਾਰ ਹੋ ਰਹੀ ਹੈ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਦੱਸਣ ਕਿ ਉਨ੍ਹਾਂ ਨੇ ਪਿਛਲੇ ਇੱਕ ਸਾਲ ਵਿੱਚ ਪੰਜਾਬੀਆਂ ਲਈ ਕੀ ਕੀਤਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅੱਜ ‘ਵਸੂਲੀ ਵਿਧਾਇਕ’ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕ ਪਹਿਲਾਂ ਝਗੜਾ ਸ਼ੁਰੂ ਕਰਵਾਉਂਦੇ ਹਨ ਫਿਰ ਕਥਿਤ ਤੌਰ ’ਤੇ ਵਸੂਲੀ ਕਰਦੇ ਹਨ। ‘ਆਪ’ ਦੇ ਮੰਤਰੀਆਂ ਦੀਆਂ ਕਥਿਤ ਵੀਡੀਓਜ਼ ਦੇਖ ਕੇ ਸ਼ਰਮ ਆਉਂਦੀ ਹੈ। ਸਿਹਤ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਸਿਰਫ਼ ਦੋ ਮਹੀਨਿਆਂ ਵਿੱਚ ਹੀ ਅਸਤੀਫ਼ਾ ਦੇ ਦਿੱਤਾ ਸੀ।
ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਲੋਕਾਂ ਨੇ ਤੀਜੀ ਧਿਰ ਦਾ ਮੁੱਖ ਮੰਤਰੀ ਚੁਣਿਆ ਤੇ ਉਹ ਵੀ ਇਤਿਹਾਸਕ ਬਹੁਮਤ ਨਾਲ। ਹੁਣ ‘ਆਪ’ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਉਮੀਦਾਂ ’ਤੇ ਖਰੇ ਉਤਰ ਰਹੇ ਹਨ। ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ‘ਆਪ’ ਪਾਰਟੀ ਦਾ ਇੱਕੋ ਉਦੇਸ਼ ਇਮਾਨਦਾਰ ਰਾਜਨੀਤੀ ਹੈ। ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚੋਂ ਪੈਦਾ ਹੋਈ ਸੀ।
ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਇਮਾਨਦਾਰ ਸਰਕਾਰ ਕਰ ਕੇ ਸੂਬੇ ਦੇ ਸਮੁੱਚੇ ਮਾਲੀਏ ਵਿੱਚ ਚੋਖਾ ਵਾਧਾ ਹੋਇਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜੀਐਸਟੀ ਮਾਲੀਏ ਵਿੱਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਸੂਬੇ ਵਿੱਚੋਂ ਮਾਫੀਆ ਦਾ ਖ਼ਾਤਮਾ ਕਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਦੋ ਬਜਟ ਪੇਸ਼ ਕੀਤੇ ਹਨ ਪਰ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ। ਇਸ ਦੇ ਬਾਵਜੂਦ ਮਾਲੀਏ ਵਿਚ ਸ਼ਲਾਘਾਯੋਗ ਵਾਧਾ ਹੋਣ ਦਾ ਮਤਲਬ ਹੈ ਕਿ ਇਮਾਨਦਾਰ ਸਰਕਾਰ ਤੇ ਲੋਕਾਂ ਦੇ ਸਹਿਯੋਗ ਨਾਲ ਸਭ ਕੁਝ ਸੰਭਵ ਹੈ।