Jalandhar Lok Sabha Bypoll: ਜਾਣੋ ਵੋਟਿੰਗ ਦੌਰਾਨ ਕੀ ਰਹੇਗਾ ਬੰਦ ਤੇ ਕਿਹੜੀਆਂ ਸਹੂਲਤਾਂ ਰਹਿਣਗੀਆਂ ਬਹਾਲ
Jalandhar Lok Sabha Bypoll 2023: ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਅੱਜ ਹੋਵੇਗੀ, 19 ਉਮੀਦਵਾਰ ਮੈਦਾਨ 'ਚ ਹਨ। ਜਿਸ ਕਰਕੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ।
Jalandhar Lok Sabha Bypoll: ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਅੱਜ ਹੋਵੇਗੀ, 19 ਉਮੀਦਵਾਰ ਮੈਦਾਨ 'ਚ ਹਨ। ਜਿਸ ਕਰਕੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਅੱਜ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਲੰਧਰ ਲੋਕ ਸਭਾ ਹਲਕੇ ਅਧੀਨ 9 ਵਿਧਾਨ ਸਭਾ ਹਲਕਿਆਂ ਜਲੰਧਰ ਨਾਰਥ, ਵੈਸਟ, ਸੈਂਟਰਲ, ਕੈਂਟ, ਆਦਮਪੁਰ, ਕਰਤਾਰਪੁਰ, ਫਿਲੌਰ, ਨਕੋਦਰ ਅਤੇ ਸ਼ਾਹਕੋਟ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ 16,21,759 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਧਰ ਚੋਣਾਂ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਦੱਸ ਦਈਏ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਚਲਦਿਆਂ ਜਿੱਥੇ ਪੰਜਾਬ ਸਰਕਾਰ ਨੇ ਜਲੰਧਰ ਜ਼ਿਲ੍ਹੇ 'ਚ ਪਹਿਲਾਂ ਹੀ 9 ਤੇ 10 ਮਈ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਸੀ। ਆਓ ਜਾਣਦੇ ਹਾਂ ਅੱਜ ਕੀ-ਕੀ ਰਹੇਗਾ ਬੰਦ ਤੇ ਕਿਹੜੀਆਂ ਸਹੂਲਤਾਂ ਬਹਾਲ ਰਹਿਣਗੀਆਂ।
ਜਲੰਧਰ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ
ਦਰਅਸਲ, ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਨੇ ਲੋਕ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ 10 ਮਈ 2023 ਨੂੰ ਜਲੰਧਰ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ ਕੀਤਾ ਹੈ, ਤਾਂ ਜੋ ਵੋਟਰ ਬਿਨਾ ਕਿਸੇ ਮੁਸ਼ਕਲ ਦੇ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰ ਸਕਣ। ਵੋਟਿੰਗ ਦੌਰਾਨ ਸਾਰੀਆਂ ਦੁਕਾਨਾਂ, ਫੈਕਟਰੀਆਂ ਤੇ ਨਿਜੀ ਦਫ਼ਤਰ ਬੰਦ ਰਹਿਣਗੇ ਤੇ ਮੁਲਾਜ਼ਮਾਂ ਲਈ ਪੇਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਪ੍ਰਾਈਵੇਟ ਤੇ ਸਰਕਾਰੀ ਸਕੂਲ ਤੇ ਹੋਰ ਸਰਕਾਰੀ ਅਦਾਰਿਆਂ ਨੂੰ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਡਰਾਈ ਏਰੀਆ
ਉੱਥੇ ਹੀ ਚੋਣ ਦੌਰਾਨ ਜ਼ਿਲ੍ਹੇ ਵਿਚ ਸ਼ਰਾਬ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਦੱਸਿਆ ਕਿ ਗੁਆਂਢੀ ਜ਼ਿਲ੍ਹਿਆਂ ਵਿਚ 3 ਕਿੱਲੋਮੀਟਰ ਦੇ ਘੇਰੇ ਵਿਚ ਪੈਂਦੇ ਸ਼ਰਾਬ ਠੇਕਿਆਂ ਨੂੰ ਵੀ ਇਸ ਦੌਰਾਨ ਡਰਾਈ ਏਰੀਆ ਐਲਾਨਿਆ ਗਿਆ ਹੈ।
ਚੋਣ ਦਾ ਨਤੀਜਾ 13 ਮਈ ਨੂੰ ਆਵੇਗਾ
ਦੱਸ ਦੇਈਏ ਕਿ ਅੱਜ ਵੋਟਰ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਜਾ ਰਹੇ ਹਨ। ਚੋਣ ਦਾ ਨਤੀਜਾ 13 ਮਈ ਨੂੰ ਆਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਦੱਸਿਆ ਕਿ ਚੋਣ ਸ਼ਾਂਤੀਪੂਰਨ, ਅਜ਼ਾਦ ਤੇ ਨਿਰਪੱਖ ਬਣਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ, ਦਿਵਿਆਂਗ ਵਿਅਕਤੀਆਂ ਤੇ ਕੋਵਿਡ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਤੋਂ ਹੀ ਵੋਟ ਪਾਉਣ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।