Jalandhar News: ਸ਼ਰੇਆਮ ਇੱਕ ਘਰ ਦੇ ਅੰਦਰ ਵੜ ਕੇ ਗੋਲੀਆਂ ਚਲਾਉਣਾ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁਹੱਲਾ ਗੋਬਿੰਦਗੜ੍ਹ ਵਿਚ ਪੈਸਿਆਂ ਨੂੰ ਲੈ ਕੇ ਇਕ ਧਿਰ ਨੇ ਘਰ ਦੇ ਅੰਦਰ ਵੜ ਕੇ ਗੋਲੀਆਂ ਚਲਾ ਦਿੱਤੀਆਂ। ਆਤਮ-ਰੱਖਿਆ ਲਈ ਜਦੋਂ ਘਰ ਦਾ ਮੈਂਬਰ ਆਪਣੀ ਲਾਇਸੈਂਸੀ ਰਿਵਾਲਵਰ ਲੈ ਕੇ ਆਇਆ ਤਾਂ ਮੁਲਜ਼ਮਾਂ ਨੇ ਉਕਤ ਰਿਵਾਲਵਰ ਖੋਹ ਕੇ ਵੀ ਫਾਇਰ ਕੀਤੇ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਵਿੱਚ ਪਿਉ-ਪੁੱਤਰ ਸਮੇਤ 3 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਛਾਇਆ ਹੋਇਆ ਹੈ।
ਗੋਲੀਆਂ ਦੇ ਖੋਲ ਬਰਾਮਦ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਭਾਜਪਾ ਆਗੂ ਅਸ਼ੋਕ ਹਿੱਕੀ ਅਤੇ ਥਾਣਾ ਨਵੀਂ ਬਾਰਾਦਰੀ ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਸੀ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਬਰਾਮਦ ਕਰ ਲਏ ਹਨ। ਜਾਣਕਾਰੀ ਦਿੰਦਿਆਂ ਸਾਗਰ ਨਿਵਾਸੀ ਮੁਹੱਲਾ ਗੋਬਿੰਦਗੜ੍ਹ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਕੁਝ ਨੌਜਵਾਨਾਂ ਨੇ ਪੈਸੇ ਮੰਗਣ ਲਈ ਉਨ੍ਹਾਂ ਦਾ ਰਸਤਾ ਰੋਕਿਆ ਸੀ ਪਰ ਉਹ ਉਨ੍ਹਾਂ ਨੂੰ ਅਣਸੁਣਿਆ ਕਰ ਕੇ ਆਪਣੇ ਘਰ ਆ ਗਿਆ। ਇਸੇ ਦੌਰਾਨ ਉਕਤ ਲੋਕਾਂ ਨੇ ਉਸ ਦੇ ਘਰ ’ਤੇ ਹਮਲਾ ਕਰ ਦਿੱਤਾ।
ਹਮਲਾਵਰਾਂ ਵਿਚ ਕੇਬਲ ਆਪ੍ਰੇਟਰ ਵੀ ਸ਼ਾਮਲ
ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵਿੱਚ ਕੇਬਲ ਆਪ੍ਰੇਟਰ ਵੀ ਸ਼ਾਮਲ ਸੀ, ਜਿਹੜਾ ਆਪਣੇ ਸਾਥੀਆਂ ਸਮੇਤ ਥ੍ਰੀ-ਵ੍ਹੀਲਰ ਅਤੇ ਕਾਰ ਵਿਚ ਸਵਾਰ ਹੋ ਕੇ ਆਇਆ ਸੀ। ਹਮਲਾਵਰਾਂ ਨੇ ਆਉਂਦੇ ਹੀ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਸਾਗਰ ਦੇ ਪਿਤਾ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਬਾਹਰ ਆਏ ਅਤੇ ਸਾਗਰ ਨੂੰ ਅੰਦਰ ਲਿਜਾਣ ਲੱਗੇ ਤਾਂ ਹਮਲਾਵਰਾਂ ਨੇ ਦੁਬਾਰਾ ਹਮਲਾ ਕਰ ਕੇ ਸਾਗਰ ਦੇ ਪਿਤਾ ਤੋਂ ਉਨ੍ਹਾਂ ਦੀ ਲਾਇਸੈਂਸੀ ਰਿਵਾਲਵਰ ਖੋਹ ਲਿਆ ਤੇ ਫਿਰ ਉਨ੍ਹਾਂ ਉੱਤੇ ਖੁਦ ਦੇ ਹੀ ਲਾਇਸੈਂਸੀ ਰਿਵਾਲਵਰ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ।
ਪਿਉ-ਪੁੱਤਰ ਸਮੇਤ 3 ਲੋਕ ਜ਼ਖ਼ਮੀ
ਇਸ ਘਟਨਾ ਵਿਚ ਸਾਗਰ, ਉਸ ਦੇ ਪਿਤਾ ਸਮੇਤ 3 ਲੋਕ ਜ਼ਖ਼ਮੀ ਹੋਏ ਹਨ। ਮੁਲਜ਼ਮਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਇਕ ਸਾਬਕਾ ਗੈਂਗਸਟਰ ਦੇ ਰਿਸ਼ਤੇਦਾਰ ਹਨ। ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਰਵਿੰਦਰ ਕੁਮਾਰ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚ ਗਏ ਸਨ। ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਮੌਕੇ ਤੋਂ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਪੀੜਤ ਧਿਰ ਨੂੰ ਇਨਸਾਫ ਦਿਵਾਇਆ ਜਾਵੇਗਾ।