Jalandhar News: ਜਲੰਧਰ-ਲੁਧਿਆਣਾ ਮੁੱਖ ਮਾਰਗ 'ਤੇ ਡਟੇ ਕਿਸਾਨ, ਸਰਕਾਰ ਨੂੰ ਅਲਟੀਮੇਟਮ, ਅੱਜ ਹੱਲ ਨਾ ਨਿਕਲਿਆ ਤਾਂ ਰੇਲਵੇ ਟ੍ਰੈਕ ਵੀ ਜਾਮ
Farmers News: ਯੂਨਾਈਟਿਡ ਕਿਸਾਨ ਮੋਰਚਾ ਦੇ ਸੱਦੇ ’ਤੇ ਗੰਨੇ ਦੇ ਰੇਟਾਂ ’ਚ ਵਾਧੇ ਤੇ ਹੋਰ ਮੰਗਾਂ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ-ਦਿੱਲੀ ਹਾਈਵੇਅ ’ਤੇ ਧੰਨੋਵਾਲੀ ਗੇਟ ਨੇੜੇ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਹੈ।
Jalandhar News: ਕਿਸਾਨਾਂ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਯੂਨਾਈਟਿਡ ਕਿਸਾਨ ਮੋਰਚਾ ਦੇ ਸੱਦੇ ’ਤੇ ਗੰਨੇ ਦੇ ਰੇਟਾਂ ’ਚ ਵਾਧੇ ਤੇ ਹੋਰ ਮੰਗਾਂ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ-ਦਿੱਲੀ ਹਾਈਵੇਅ ’ਤੇ ਧੰਨੋਵਾਲੀ ਗੇਟ ਨੇੜੇ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਹੈ। ਰਾਤ ਵੇਲੇ ਸਰਵਿਸ ਲਾਈਨ ਖੋਲ੍ਹ ਦਿੱਤੀ ਸੀ ਪਰ ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਦੀ ਮੀਟਿੰਗ ਸਾਡੇ ਹੱਕ ਵਿੱਚ ਨਾ ਹੋਈ ਤਾਂ ਉਹ ਸਰਵਿਸ ਲਾਈਨ ਦੇ ਨਾਲ-ਨਾਲ ਧੰਨੋਵਾਲੀ ਫਾਟਕ ’ਤੇ ਜਾਮ ਲਗਾ ਕੇ ਰੇਲਾਂ ਰੋਕ ਦੇਣਗੇ।
ਦੱਸ ਦਈਏ ਕਿ ਜਲੰਧਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੇਰ ਸ਼ਾਮ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਤੇ ਜਲਦ ਤੋਂ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਕਿਸਾਨਾਂ ਨੇ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਬੀਕੇਯੂ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਕਿਸਾਨ ਆਗੂ ਨੇ ਕਿਹਾ ਕਿ ਕੋਈ ਵੀ ਕਿਸਾਨ ਹਾਈਵੇਅ ਬੰਦ ਕਰਨ ਦੇ ਹੱਕ ਵਿੱਚ ਨਹੀਂ ਪਰ ਸਰਕਾਰ ਨੂੰ ਨੀਂਦ ’ਚ ਉਠਾਉਣ ਲਈ ਅਜਿਹੇ ਕਦਮ ਚੁੱਕਣੇ ਪੈ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਮਿੱਲ ਨੂੰ ਚੱਲਣ ਨਹੀਂ ਦੇ ਰਹੀ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਗੰਨੇ ਦੀ ਫਸਲ ਤਿਆਰ ਹੈ। ਕਿਸਾਨਾਂ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸਰਕਾਰ ਨਾਲ ਮੀਟਿੰਗ ਵੀ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਕੋਈ ਸਿੱਟਾ ਨਹੀਂ ਕੱਢਿਆ ਗਿਆ।
ਕਿਸਾਨਾਂ ਦੇ ਧਰਨੇ ਕਾਰਨ ਮੰਗਲਵਾਰ ਨੂੰ ਜ਼ਿਲ੍ਹੇ ਦੀਆਂ ਮੁੱਖ ਸੜਕਾਂ ’ਤੇ ਵਾਹਨ ਕਈ-ਕਈ ਘੰਟੇ ਜਾਮ ਵਿਚ ਫਸੇ ਰਹੇ, ਜਿਸ ਕਾਰਨ ਲੋਕ, ਖਾਸ ਕਰਕੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰਾਮਾਂਮੰਡੀ, ਆਦਮਪੁਰ, ਭੋਗਪੁਰ, ਕਿਸ਼ਨਗੜ੍ਹ, ਫਗਵਾੜਾ ਹੁਸ਼ਿਆਰਪੁਰ ਤੇ ਸ਼ਹਿਰ ਦੀਆਂ ਸੜਕਾਂ ’ਤੇ ਜਾਮ ਵਾਲੀ ਸਥਿਤੀ ਬਣੀ ਰਹੀ। ਇਸ ਜਾਮ ਵਿੱਚ ਐਂਬੂਲੈਂਸਾਂ ਵੀ ਫਸੀਆਂ ਦੇਖੀਆਂ ਗਈਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।