Jalandhar News: ਗਦਰੀ ਬਾਬਿਆਂ ਦੇ ਮੇਲੇ 'ਚ ਦੇਸ਼-ਵਿਦੇਸ਼ ਤੋਂ ਪਹੁੰਚੇ ਲੋਕ, ਕਲਾਕਾਰਾਂ ਨੇ ਬੰਨ੍ਹਿਆ ਰੰਗ
ਜਲੰਧਰ ਸਥਿਤ ਦੇਸ਼ ਭਗਤ ਯਾਦਗਾਰੀ ਹਾਲ ਵਿੱਚ ਚੱਲ ਰਹੇ ਗਦਰੀ ਬਾਬਿਆਂ ਦੇ ਮੇਲੇ ਵਿੱਚ ਕਲਾਕਾਰਾਂ ਤੇ ਮੇਲਾ ਪ੍ਰੇਮੀਆਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਸਣੇ ਕਈ ਸੂਬਿਆਂ ਤੋਂ ਕਲਾਕਾਰਾਂ ਤੇ ਜਮਹੂਰੀ ਸੰਸਥਾਵਾਂ ਦੇ ਜਥੇ ਮੇਲੇ ਵਿੱਚ ਸ਼ਾਮਲ ਹੋਏ ਹਨ।
Jalandhar News: ਜਲੰਧਰ ਸਥਿਤ ਦੇਸ਼ ਭਗਤ ਯਾਦਗਾਰੀ ਹਾਲ ਵਿੱਚ ਚੱਲ ਰਹੇ ਗਦਰੀ ਬਾਬਿਆਂ ਦੇ ਮੇਲੇ ਵਿੱਚ ਕਲਾਕਾਰਾਂ ਤੇ ਮੇਲਾ ਪ੍ਰੇਮੀਆਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਸਣੇ ਕਈ ਸੂਬਿਆਂ ਤੋਂ ਕਲਾਕਾਰਾਂ ਤੇ ਜਮਹੂਰੀ ਸੰਸਥਾਵਾਂ ਦੇ ਜਥੇ ਮੇਲੇ ਵਿੱਚ ਸ਼ਾਮਲ ਹੋਏ ਹਨ। ਉੱਘੇ ਵਿਦਵਾਨ, ਲੇਖਕ, ਸਮਾਜਿਕ ਤੇ ਜਮਹੂਰੀ ਕਾਮੇ ਹਿਮਾਂਸ਼ੂ ਕੁਮਾਰ ਛੱਤੀਸਗੜ੍ਹ ਤੋਂ ਵਿਨੈ, ਚਾਰੁਲ ਅਹਿਮਦਾਬਾਦ (ਗੁਜਰਾਤ) ਸਮੇਤ ਬਾਹਰਲੇ ਮੁਲਕਾਂ ਤੋਂ ਮੇਲਾ ਪ੍ਰੇਮੀ ਪੁੱਜੇ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਮੇਲੇ ਦੇ ਦੂਜੇ ਦਿਨ ਨੰਨ੍ਹੇ-ਮੁੰਨੇ ਬਾਲ ਕਲਾਕਾਰਾਂ ਸਮੇਤ ਸੀਨੀਅਰ ਗਰੁੱਪਾਂ ਦੇ ਕੁਇਜ਼ ਤੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਭਾਗ ਲੈ ਕੇ ਵੱਡੀ ਗਿਣਤੀ ਪ੍ਰਤੀਯੋਗੀਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਕੁਇਜ਼ ਵਿੱਚ 34 ਟੀਮਾਂ ਦੇ 150 ਪ੍ਰਤੀਯੋਗੀਆਂ ਨੇ ਭਾਗ ਲਿਆ।
ਮੁੱਢਲੀ ਪ੍ਰੀਖਿਆ ਵਿੱਚੋਂ ਜੇਤੂ ਰਹੀਆਂ ਪੰਜ ਟੀਮਾਂ ਵਿੱਚ ਦਿਲਚਸਪ ਅੰਤਿਮ ਮੁਕਾਬਲਾ ਹੋਇਆ, ਜਿਸ ਵਿੱਚ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੌੜਕੀਆਂ, ਲਿਟਲ ਏਂਜਲਜ਼ ਕੋ-ਐਡ ਸਕੂਲ ਕਪੂਰਥਲਾ ਤੇ ਡੀਏਵੀ ਸਕੂਲ ਬਿਲਗਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਚਿਤਰਕਲਾ ਦੇ ਸੀਨੀਅਰ ਗਰੁੱਪ ਵਿੱਚ ਪਵਨਦੀਪ ਕੌਰ (ਗੁਰੂ ਨਾਨਕ ਦੇਵ ਯੂਨੀਵਰਸਿਟੀ), ਪਾਰੁਲ (ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ, ਜਲੰਧਰ) ਤੇ ਕਾਮਿਆ (ਜਲੰਧਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਜਲੰਧਰ), ਜੂਨੀਅਰ ਗਰੁੱਪ ਵਿੱਚ ਨਰਿੰਦਰ ਕੁਮਾਰ (ਐਸਆਰਟੀ ਡੀਏਵੀ ਪਬਲਿਕ ਸਕੂਲ, ਬਿਲਗਾ), ਤਰੁਣ ਸੁਮਨ (ਡੀਏਵੀ ਪਬਲਿਕ ਸਕੂਲ, ਬਿਲਗਾ) ਤੇ ਸਾਹਿਲ ਕੁਮਾਰ (ਲਾਲਾ ਜਗਤ ਨਰੈਣ ਡੀਏਵੀ ਮਾਡਲ ਸਕੂਲ), ਸਬ-ਜੂਨੀਅਰ ਗਰੁੱਪ ਵਿੱਚ ਯਾਸਮੀਨ ਕੁਮਾਰੀ (ਐਸਡੀ ਮਾਡਲ ਸਕੂਲ, ਜਲੰਧਰ ਕੈਂਟ), ਆਸ਼ੂ (ਐਸਐਚਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ) ਤੇ ਚਿਰਾਗ (ਲਾਲਾ ਜਗਤ ਨਰੈਣ ਡੀਏਵੀ ਮਾਡਲ ਸਕੂਲ) ਨੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਕਬਜ਼ਾ ਕੀਤਾ।
ਜੇਤੂਆਂ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਇਨਾਮਾਂ-ਸਨਮਾਨਾਂ ਨਾਲ ਨਿਵਾਜਿਆ ਗਿਆ। ਇਸ ਮਗਰੋਂ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਕਮੇਟੀ ਮੈਂਬਰ ਦਰਸ਼ਨ ਖਟਕੜ, ਪ੍ਰੋ. ਸੁਰਜੀਤ ਜੱਜ ਤੇ ਪਾਲ ਕੌਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਇਸ ਮੌਕੇ ਸ਼ਬਦੀਸ਼, ਹਰਮੀਤ ਵਿਦਿਆਰਥੀ, ਜਗਵਿੰਦਰ ਜੋਧਾ, ਵਾਹਿਦ, ਮਨਦੀਪ ਔਲਖ, ਪਾਲ ਕੌਰ, ਸ਼ਮਸ਼ੇਰ ਮੋਹੀ ਤੇ ਨਰਿੰਦਰਪਾਲ ਕੰਗ ਆਦਿ ਨੇ ਆਪਣੀਆਂ ਨਜ਼ਮਾਂ ਸਰੋਤਿਆਂ ਦੇ ਰੂ-ਬ-ਰੂ ਕੀਤੀਆਂ।
ਕਵੀ ਦਰਬਾਰ ਨੇ ਅਜੋਕੇ ਸਿਆਸੀ ਤੇ ਸਮਾਜੀ ਲੋਕ-ਸਰੋਕਾਰਾਂ ਦੀ ਬਾਤ ਪਾਉਂਦਿਆਂ ਭਵਿੱਖ ਅੰਦਰ ਦਰਪੇਸ਼ ਚੁਣੌਤੀਆਂ ’ਤੇ ਉਂਗਲ ਰੱਖੀ। ਮੰਚ ਸੰਚਾਲਨ ਕਮੇਟੀ ਮੈਂਬਰ ਹਰਵਿੰਦਰ ਭੰਡਾਲ ਨੇ ਕੀਤਾ। ਸ਼ਾਮ ਵੇਲੇ ‘ਪੀਪਲਜ਼ ਵਾਇਸ’ ਵੱਲੋਂ ਅਜੈ ਭਾਰਦਵਾਜ ਦੀ ਫਿਲਮ ‘ਰੱਬਾ ਹੁਣ ਕੀ ਕਰੀਏ’ ਤੇ ਡਾ. ਜਸਮੀਤ ਵੱਲੋਂ ਓਮ ਪ੍ਰਕਾਸ਼ ਵਾਲਮੀਕ ਦੀ ਕਹਾਣੀ ’ਤੇ ਆਧਾਰਤ ਲਿਖਿਆ ਤੇ ਨਿਰਦੇਸ਼ਿਤ ਕੀਤਾ ਸੋਲੋ ਨਾਟਕ ‘ਜੂਠ’ ਖੇਡਿਆ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :