Jalandhar News: ਲਤੀਫਪੁਰਾ ਦੇ ਉਜਾੜੇ ਨੇ ਵਧਾਈਆਂ ਸਰਕਾਰ ਦੀਆਂ ਮੁਸ਼ਕਲਾਂ, ਬੇਘਰ ਲੋਕਾਂ ਨੂੰ ਮੁੜ ਵਸਾਉਣ ਲਈ ਤਿਆਰ ਪਰ ਭੂ-ਮਾਫੀਆ ਅੱਗੇ ਨਹੀਂ ਝੁਕਾਂਗੇ: ਜਗਤਾਰ ਸੰਘੇੜਾ
ਲਤੀਫਪੁਰਾ ਮੁੜ ਵਸੇਬਾ ਮੋਰਚੇ ਨੇ ਕਿਹਾ ਕਿ ਜੇ ਕਾਗਜ਼ ਨਾ ਵੀ ਹੋਣ ਤਾਂ ਵੀ ਦੇਸ਼ ਦੀ ਵੰਡ ਕਾਰਨ ਹੋਏ ਉਜਾੜੇ ਨੂੰ ਇਤਿਹਾਸ ਝੁਠਲਾ ਨਹੀਂ ਸਕਦਾ। ਮੁੜ ਵਸੇਬਾ ਮੋਰਚੇ ਦੇ ਆਗੂਆਂ ਕਸ਼ਮੀਰ ਸਿੰਘ ਘੁਗਸ਼ੋਰ ਤੇ ਤਰਸੇਮ ਸਿੰਘ ਵਿੱਕੀ ਜੈਨਪੁਰੀਆਂ ਨੇ ਕਿਹਾ ਕਿ ਟਰੱਸਟ ਗੁਮਰਾਹਕੁਨ ਬਿਆਨ ਦੇ ਰਿਹਾ ਹੈ।
Jalandhar News: ਜਲੰਧਰ ਦੇ ਲਤੀਫਪੁਰਾ ਵਿੱਚ ਲੋਕਾਂ ਦੇ ਘਰ ਢਾਹੁਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵੀ ਵਧਦੀਆਂ ਜਾ ਰਹੀਆਂ ਹਨ। ਇੱਕ ਪਾਸੇ ਉਜਾੜੇ ਖਿਲਾਫ ਲੋਕ ਸੰਘਰਸ਼ ਕਰ ਰਹੇ ਹਨ ਤੇ ਦੂਜੇ ਪਾਸੇ ਉਨ੍ਹਾਂ ਨੂੰ ਮਨਾਉਣ ਲਈ ਨਗਰ ਸੁਧਾਰ ਟਰੱਸਟ ਡਟਿਆ ਹੋਇਆ ਹੈ। ਉਜੜੇ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਪਹਿਲਾਂ ਹੀ ਪਾਕਿਸਤਾਨ ਤੋਂ ਉਜੜ ਕੇ ਆਏ ਸੀ। ਹੁਣ ਦੁਬਾਰਾ ਉਨ੍ਹਾਂ ਨੂੰ ਉਜਾੜ ਦਿੱਤਾ ਗਿਆ ਹੈ।
ਉਧਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਹੈ ਕਿ ਲਤੀਫਪੁਰਾ ਦੇ ਲੋਕਾਂ ਨੇ ਅਜਿਹਾ ਇੱਕ ਵੀ ਕਾਗਜ਼ ਨਹੀਂ ਦਿਖਾਇਆ ਜਿਸ ਤੋਂ ਸਾਬਤ ਹੁੰਦਾ ਹੋਵੇ ਉਹ ਪਾਕਿਸਤਾਨ ਤੋਂ ਉੱਜੜ ਕੇ ਆਏ ਹੋਣ। ਉਨ੍ਹਾਂ ਦਾਅਵਾ ਕੀਤਾ ਕਿ ਇੱਥੇ ਵਸਦੇ ਲੋਕਾਂ ਨੇ ਸਾਲ 2000 ਦੇ ਹੀ ਕਾਗਜ਼ ਦਿਖਾਏ ਹਨ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ੇ ਹਟਾਏ ਜਾਣ ਤੋਂ ਜਲੰਧਰ ਵਾਸੀ ਖੁਸ਼ ਹਨ। ਉਹ ਬੇਘਰ ਹੋਏ ਲੋਕਾਂ ਨੂੰ ਮੁੜ ਵਸਾਉਣ ਲਈ ਤਿਆਰ ਹਨ ਪਰ ਉਹ ਭੂ-ਮਾਫੀਆ ਅੱਗੇ ਨਹੀਂ ਝੁਕਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਵੀ ਘਰ ਨਾਜਾਇਜ਼ ਨਹੀਂ ਢਾਹਿਆ ਗਿਆ।
ਇਸ ਦੇ ਨਾਲ ਹੀ ਲਤੀਫਪੁਰਾ ਮੁੜ ਵਸੇਬਾ ਮੋਰਚੇ ਨੇ ਕਿਹਾ ਕਿ ਜੇ ਕਾਗਜ਼ ਨਾ ਵੀ ਹੋਣ ਤਾਂ ਵੀ ਦੇਸ਼ ਦੀ ਵੰਡ ਕਾਰਨ ਹੋਏ ਉਜਾੜੇ ਨੂੰ ਇਤਿਹਾਸ ਝੁਠਲਾ ਨਹੀਂ ਸਕਦਾ। ਮੁੜ ਵਸੇਬਾ ਮੋਰਚੇ ਦੇ ਆਗੂਆਂ ਕਸ਼ਮੀਰ ਸਿੰਘ ਘੁਗਸ਼ੋਰ ਤੇ ਤਰਸੇਮ ਸਿੰਘ ਵਿੱਕੀ ਜੈਨਪੁਰੀਆਂ ਨੇ ਕਿਹਾ ਕਿ ਟਰੱਸਟ ਗੁਮਰਾਹਕੁਨ ਬਿਆਨ ਦੇ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਦੇਸਾ ਸਿੰਘ ਦਾ ਪਰਿਵਾਰ ਇੱਥੇ ਵੱਸਦਾ ਹੈ। ਦੇਸਾ ਸਿੰਘ 9 ਦਸੰਬਰ 1935 ਨੂੰ ਫੌਜ ’ਚ ਭਰਤੀ ਹੋਇਆ ਸੀ। ਉਹ ’47 ਦੀ ਵੰਡ ਸਮੇਂ ਪਰਿਵਾਰ ਸਮੇਤ ਪਾਕਿਸਤਾਨ ਤੋਂ ਉੱਜੜ ਕੇ ਲਤੀਫਪੁਰਾ ਆ ਕੇ ਵਸਿਆ। ਉਸ ਦੀ ਮੌਤ 27 ਅਗਸਤ 1991 ਨੂੰ ਹੋਈ ਅਤੇ ਮੌਤ ਦਾ ਸਰਟੀਫਿਕੇਟ ਵੀ ਲਤੀਫਪੁਰਾ ਦੇ ਪਤੇ ਦਾ ਹੀ ਬਣਿਆ ਹੈ। ਉਸ ਦੇ ਨਾਮ ’ਤੇ ਬਿਜਲੀ ਦਾ ਮੀਟਰ ਵੀ 1990 ਤੋਂ ਪਹਿਲਾਂ ਦਾ ਲੱਗਾ ਹੋਇਆ ਹੈ। ਉਸ ਦੇ ਲੜਕੇ ਨਰਿੰਦਰ ਸਿੰਘ ਦੀ ਮੌਤ 31 ਅਗਸਤ 2021 ਨੂੰ ਹੋਈ ਤੇ ਉਸ ਦੀ ਮੌਤ ਦਾ ਸਰਟੀਫਿਕੇਟ ਵੀ ਲਤੀਫਪੁਰਾ ਦੇ ਪਤੇ ’ਤੇ ਹੀ ਦਰਜ ਹੈ। ਉਸ ਦਾ ਪਰਿਵਾਰ ਹਾਲੇ ਵੀ ਇੱਥੇ ਰਹਿ ਰਿਹਾ ਹੈ।