ਪੰਜਾਬ ‘ਚ ਰੂਹ ਕੰਬਾਊ ਵਾਰਦਾਤ! 10-15 ਨੌਜਵਾਨਾਂ ਨੇ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
Jalandhar News: ਜਲੰਧਰ ਵਿੱਚ ਘਾਸ ਮੰਡੀ ਚੌਕ ਨੇੜੇ ਬੁੱਧਵਾਰ ਦੇਰ ਰਾਤ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ 18 ਸਾਲਾ ਰਾਹੁਲ ਦਾ ਢਿੱਡ ਵਿੱਚ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

Jalandhar News: ਜਲੰਧਰ ਵਿੱਚ ਘਾਸ ਮੰਡੀ ਚੌਕ ਨੇੜੇ ਬੁੱਧਵਾਰ ਦੇਰ ਰਾਤ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ 18 ਸਾਲਾ ਰਾਹੁਲ ਦਾ ਢਿੱਡ ਵਿੱਚ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਜਦੋਂ ਕਿ ਲੋਕਾਂ ਨੇ ਪੁਲਿਸ ਅਤੇ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਮ੍ਰਿਤਕ ਰਾਹੁਲ ਆਪਣੇ ਘਰ ਦੇ ਨੇੜੇ ਜਿੰਮ ਦੇ ਬਾਹਰ ਖੜ੍ਹਾ ਸੀ, ਉਸ ਵੇਲੇ ਲਗਭਗ 10 ਤੋਂ 15 ਨੌਜਵਾਨਾਂ ਦਾ ਗਰੁੱਪ ਆਇਆ ਤੇ ਉਸ 'ਤੇ ਹਮਲਾ ਕਰਨ ਲੱਗ ਪਿਆ। ਇਹ ਘਟਨਾ ਦੇਰ ਰਾਤ 12 ਵਜੇ ਵਾਪਰੀ। ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਦੇ ਢਿੱਡ ਵਿੱਚ ਕਈ ਚਾਕੂ ਮਾਰੇ।
ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਨੌਜਵਾਨ ਦੁਸਹਿਰਾ ਮੈਦਾਨ ਦੇ ਨੇੜੇ ਰਾਹੁਲ ਨੂੰ ਘੇਰ ਲੈਂਦੇ ਹਨ ਅਤੇ ਉਸ ਨਾਲ ਹੱਥਾਪਾਈ ਸ਼ੁਰੂ ਕਰ ਦਿੰਦੇ ਹਨ। ਥੋੜ੍ਹੀ ਦੇਰ ਬਾਅਦ ਹੋਰ ਨੌਜਵਾਨ ਉੱਥੇ ਪਹੁੰਚ ਜਾਂਦੇ ਹਨ। ਜਿਸ ਤੋਂ ਬਾਅਦ ਇੱਕ ਦਰਜਨ ਨੌਜਵਾਨ ਰਾਹੁਲ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ। ਫਿਰ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਜਾਂਦਾ ਹੈ, ਜਿਸ ਕਾਰਨ ਉਹ ਸੜਕ 'ਤੇ ਡਿੱਗ ਜਾਂਦਾ ਹੈ।
ਹਮਲੇ ਤੋਂ ਬਾਅਦ ਕੁਝ ਨੌਜਵਾਨ ਰਾਹੁਲ ਨੂੰ ਬਾਈਕ 'ਤੇ ਬਿਠਾ ਕੇ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਰਾਹੁਲ ਨੂੰ ਹਸਪਤਾਲ ਵੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਰਾਹੁਲ ਦੇ ਜੀਜਾ ਲਾਲਾਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 1 ਵਜੇ ਦੇ ਕਰੀਬ ਫ਼ੋਨ ਆਇਆ ਕਿ ਰਾਹੁਲ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਰਾਹੁਲ ਦੀ ਮਾਂ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਘਟਨਾ ਤੋਂ ਬਾਅਦ ਉਨ੍ਹਾਂ ਦੇ ਘਰ 'ਤੇ ਇੱਟਾਂ ਅਤੇ ਪੱਥਰਾਂ ਨਾਲ ਵੀ ਹਮਲਾ ਕੀਤਾ। ਪਰਿਵਾਰ ਦੇ ਅਨੁਸਾਰ, ਦੋਸ਼ੀ ਨੌਜਵਾਨ ਰਾਹੁਲ ਨੂੰ ਘਰੋਂ ਬੁਲਾ ਕੇ ਲੈ ਗਿਆ, ਜਿਸ ਤੋਂ ਬਾਅਦ ਉਸ ਨੂੰ ਜਿੰਮ ਦੇ ਬਾਹਰ ਘੇਰ ਕੇ ਕਤਲ ਕਰ ਦਿੱਤਾ।
ਉੱਥੇ ਹੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਹਾਂ ਧਿਰਾਂ ਵਿਚਾਲੇ ਕਿਸੇ ਗੱਲ ਨੂੰ ਲੈਕੇ ਕਹਾਸੁਣੀ ਹੋਈ ਸੀ, ਜਿਸ ਤੋਂ ਬਾਅਦ ਆਪਸ ਵਿੱਚ ਬਹਿਸਬਾਜੀ ਹੋਣ ਲੱਗ ਪਈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਮ੍ਰਿਤਕ ਦੇ ਜਾਣਕਾਰ ਹੀ ਸਨ।






















