Punjab News: ਰੇਲਵੇ ਚਾਈਲਡ ਲਾਈਨ ਨੇ ਰੇਲਵੇ ਸਟੇਸ਼ਨ ਤੋਂ 12 ਬਾਲ ਤਸਕਰਾਂ ਨੂੰ ਕਾਬੂ ਕੀਤਾ ਹੈ। ਚਾਈਲਡ ਲਾਈਨ ਮੈਂਬਰਾਂ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 15 ਨਾਬਾਲਗ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਉਮਰ 10 ਤੋਂ 15 ਸਾਲ ਦਰਮਿਆਨ ਹੈ। ਬੱਚਿਆਂ ਨੂੰ ਸ਼ਿਮਲਾਪੁਰੀ ਸਥਿਤ ਬਾਲ ਸੁਧਾਰ ਕੇਂਦਰ ਭੇਜ ਦਿੱਤਾ ਗਿਆ ਹੈ ਜਦਕਿ ਮੁਲਜ਼ਮਾਂ ਨੂੰ ਰੇਲਵੇ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ।
ਚਾਈਲਡ ਲਾਈਨ ਟੀਮ ਨੇ ਦੱਸਿਆ ਕਿ ਇਹ ਬੱਚੇ ਯੂਪੀ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮੁਲਜ਼ਮਾਂ ਵੱਲੋਂ ਲਿਆਂਦੇ ਗਏ ਸਨ, ਜਿਨ੍ਹਾਂ ਨੂੰ ਲੁਧਿਆਣਾ ਅਤੇ ਹੋਰ ਥਾਵਾਂ ’ਤੇ ਵੱਖ-ਵੱਖ ਫੈਕਟਰੀਆਂ ਵਿੱਚ ਭੇਜਿਆ ਜਾਣਾ ਸੀ। ਇਸ ਦੇ ਨਾਲ ਹੀ ਚਾਈਲਡ ਲਾਈਨ ਟੀਮ ਨੇ ਥਾਣਾ ਜੀਆਰਪੀ ਨੂੰ ਸ਼ਿਕਾਇਤ ਕਰਕੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਬਾਲ ਤਸਕਰੀ ਦੇ ਦੋਸ਼ ਹੇਠ ਪਰਚਾ ਦਰਜ ਕਰਨ ਲਈ ਕਿਹਾ ਹੈ। ਦੇਰ ਰਾਤ ਤੱਕ ਥਾਣਾ ਜੀਆਰਪੀ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਨ ਵਿੱਚ ਲੱਗੀ ਹੋਈ ਸੀ।
ਕਈ ਬੱਚਿਆਂ ਦੇ ਆਧਾਰ ਕਾਰਡ ਗਲਤ ਹਨ
ਜਾਣਕਾਰੀ ਅਨੁਸਾਰ ਟਰੇਨ ਨੰਬਰ 02407 ਵੀਰਵਾਰ ਦੁਪਹਿਰ ਕਰੀਬ 2.30 ਵਜੇ ਕਰਮਭੂਮੀ ਲੁਧਿਆਣਾ ਪਹੁੰਚੀ। ਇਸ ਵਿੱਚ ਇਕੱਠੇ 15 ਬੱਚੇ ਅਤੇ 12 ਲੋਕ ਉਨ੍ਹਾਂ ਦੇ ਨਾਲ ਉਤਰੇ। ਜਦੋਂ ਚੌਕੀ ਰੇਲਵੇ ਚਾਈਲਡ ਲਾਈਨ ਟੀਮ ਨੂੰ ਪਲੇਟਫਾਰਮ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਕਤ ਲੋਕਾਂ ਤੋਂ ਪੁੱਛਗਿੱਛ ਕੀਤੀ। ਬਾਲ ਤਸਕਰੀ ਦਾ ਸੁਰਾਗ ਮਿਲਣ ’ਤੇ ਚਾਈਲਡ ਲਾਈਨ ਮੈਂਬਰਾਂ ਨੇ ਆਪਣੀ ਟੀਮ ਅਤੇ ਰੇਲਵੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ। ਚਾਈਲਡ ਲਾਈਨ ਲੁਧਿਆਣਾ ਦੀ ਟੀਮ ਦੇ ਕੁਲਵਿੰਦਰ ਸਿੰਘ ਡਾਂਗੋ ਨੇ ਦੱਸਿਆ ਕਿ ਬੱਚਿਆਂ ਤੋਂ ਆਧਾਰ ਕਾਰਡ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚੋਂ ਕਈਆਂ ਦੇ ਆਧਾਰ ਕਾਰਡ ਗਲਤ ਹਨ। ਅਸੀਂ ਬੱਚਿਆਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਬੱਚਿਆਂ ਨੇ ਦੱਸਿਆ ਕਿ ਕਰੋਨਾ ਕਾਰਨ ਪਿੰਡ ਵਿੱਚ ਕੋਈ ਕੰਮ ਨਹੀਂ ਸੀ ਅਤੇ ਪਰਿਵਾਰ ਪਰੇਸ਼ਾਨ ਸੀ। ਜਿਨ੍ਹਾਂ ਲੋਕਾਂ ਨਾਲ ਅਸੀਂ ਲੁਧਿਆਣੇ ਆਏ ਹਾਂ, ਉਨ੍ਹਾਂ ਨੇ ਸਾਨੂੰ ਲੁਧਿਆਣੇ 'ਚ ਨੌਕਰੀ ਦਿਵਾਉਣ ਦੀ ਗੱਲ ਕੀਤੀ ਅਤੇ ਸਾਨੂੰ ਲਾਲਚ ਦਿੱਤਾ। ਇਨ੍ਹਾਂ ਲੋਕਾਂ ਨੇ ਸਾਨੂੰ ਲੁਧਿਆਣੇ ਲਈ ਟਿਕਟਾਂ ਦਿਵਾਈਆਂ ਹਨ। ਸਾਨੂੰ ਦੱਸਿਆ ਗਿਆ ਕਿ ਸਾਨੂੰ ਲੁਧਿਆਣਾ ਦੀਆਂ ਵੱਖ-ਵੱਖ ਫੈਕਟਰੀਆਂ ਵਿੱਚ ਕੰਮ ਕਰਵਾਇਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।