ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਨਾਲ ਰੇਲਵੇ ਮੁਲਾਜ਼ਮ ਨੂੰ ਲੱਗਿਆ ਕਰੰਟ, ਮੁਲਾਜ਼ਮਾਂ ਨੇ ਸਾਰਾ ਕੰਮਕਾਜ ਕੀਤਾ ਠੱਪ
Ludhiana News: ਲੁਧਿਆਣਾ ਰੇਲਵੇ ਸਟੇਸ਼ਨ 'ਤੇ ਬੀਤੀ ਰਾਤ ਉਸ ਵੇਲੇ ਹਾਦਸਾ ਵਾਪਰ ਗਿਆ, ਜਦੋਂ ਰੇਲਵੇ ਇੰਜਨ ਸ਼ੈੱਡ (ਇਲੈਕਟ੍ਰਿਕ ਲੋਕੋ ਸ਼ੈੱਡ) ਵਿੱਚ ਇੰਜਣ ਦੀ ਮੁਰੰਮਤ ਕਰਦੇ ਸਮੇਂ ਇੱਕ ਰੇਲਵੇ ਕਰਮਚਾਰੀ ਨੂੰ ਕਰੰਟ ਲੱਗ ਗਿਆ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ।
Ludhiana News: ਲੁਧਿਆਣਾ ਰੇਲਵੇ ਸਟੇਸ਼ਨ 'ਤੇ ਬੀਤੀ ਰਾਤ ਉਸ ਵੇਲੇ ਹਾਦਸਾ ਵਾਪਰ ਗਿਆ, ਜਦੋਂ ਰੇਲਵੇ ਇੰਜਨ ਸ਼ੈੱਡ (ਇਲੈਕਟ੍ਰਿਕ ਲੋਕੋ ਸ਼ੈੱਡ) ਵਿੱਚ ਇੰਜਣ ਦੀ ਮੁਰੰਮਤ ਕਰਦੇ ਸਮੇਂ ਇੱਕ ਰੇਲਵੇ ਕਰਮਚਾਰੀ ਨੂੰ ਕਰੰਟ ਲੱਗ ਗਿਆ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਤੋਂ ਨਾਰਾਜ਼ ਰੇਲਵੇ ਕਰਮਚਾਰੀਆਂ ਨੇ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਦੀ ਅਣਗਹਿਲੀ ਦਾ ਹਵਾਲਾ ਦਿੰਦੇ ਹੋਏ ਸਾਰਾ ਕੰਮ ਬੰਦ ਕਰ ਦਿੱਤਾ। ਦੇਰ ਰਾਤ ਰੇਲਵੇ ਵਿਭਾਗ ਖ਼ਿਲਾਫ਼ ਧਰਨਾ ਦਿੱਤਾ ਗਿਆ।
ਇਲੈਕਟ੍ਰਿਕ ਲੋਕੋ ਸ਼ੈੱਡ ਯੂਨੀਅਨ ਦੇ ਸ਼ਾਖਾ ਪ੍ਰਧਾਨ ਅਜੇ ਕੁਮਾਰ ਨੇ ਦੱਸਿਆ ਕਿ ਇੰਜਣਾਂ ਦੀ ਮੁਰੰਮਤ ਲਈ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਇਲੈਕਟ੍ਰਿਕ ਲੋਕੋ ਸ਼ੈੱਡ ਬਣਾਇਆ ਗਿਆ ਹੈ। ਰੇਲਵੇ ਦੀ ਤਰਫੋਂ ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀ ਕੰਮ ਕਰ ਰਹੇ ਹਨ। ਪਰ ਰੇਲਵੇ ਪ੍ਰਸ਼ਾਸਨ ਨੇ ਕੰਮ ਦਾ ਬੋਝ ਇਸ ਹੱਦ ਤੱਕ ਵਧਾ ਦਿੱਤਾ ਹੈ ਕਿ ਪ੍ਰਾਈਵੇਟ ਕਰਮਚਾਰੀ ਆਪਣੀ ਮਨਮਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਇੰਜਣ ਦੀ ਮੁਰੰਮਤ ਕਰਦੇ ਸਮੇਂ ਰੇਲਵੇ ਕਰਮਚਾਰੀ ਮੰਗਲਦਾਸ (38 ਸਾਲ) ਇੰਜਣ ਦੇ ਉਪਰੋਂ ਲੰਘਦਿਆਂ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆ ਗਿਆ, ਜਿਸ ਕਾਰਨ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਤੇ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਸੀ.ਐਮ.ਸੀ. ਦਾਖਲ ਕਰਵਾਇਆ ਗਿਆ ਹੈ।
ਯੂਨੀਅਨ ਦੇ ਪ੍ਰਧਾਨ ਅਜੇ ਕੁਮਾਰ ਨੇ ਦੱਸਿਆ ਕਿ ਜਦੋਂ ਕੋਈ ਵੀ ਇੰਜਣ ਮੁਰੰਮਤ ਲਈ ਆਉਂਦਾ ਹੈ ਤਾਂ ਰੇਲਵੇ ਕਰਮਚਾਰੀ ਮੁਰੰਮਤ ਦਾ ਕੰਮ ਕਰਦੇ ਹੋਏ ਇੰਜਣ ਦੇ ਉੱਪਰ ਚੜ੍ਹਦਾ ਹੈ। ਇਸ ਦੇ ਲਈ ਰੇਲਵੇ ਕਰਮਚਾਰੀ ਓਵਰਹੈੱਡ ਪਾਵਰ ਲਾਈਨ ਨੂੰ ਬੰਦ ਕਰਕੇ ਚਾਬੀ ਆਪਣੀ ਜੇਬ 'ਚ ਰੱਖਦਾ ਹੈ। ਬੀਤੀ ਸ਼ਾਮ ਜਦੋਂ ਰੇਲਵੇ ਕਰਮਚਾਰੀ ਮੰਗਲਦਾਸ ਉਪਰ ਚੜ੍ਹ ਕੇ ਇੰਜਣ ਦੀ ਮੁਰੰਮਤ ਕਰ ਰਿਹਾ ਸੀ ਤਾਂ ਇਕ ਪ੍ਰਾਈਵੇਟ ਕਰਮਚਾਰੀ ਨੇ ਲਾਈਨ ਦੀ ਸਵਿਚ ਆਨ ਕਰ ਦਿੱਤੀ, ਜਿਸ ਕਾਰਨ ਮੰਗਲਦਾਸ 25 ਹਜ਼ਾਰ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿਚ ਆ ਗਿਆ।
ਅਜੇ ਕੁਮਾਰ ਨੇ ਦੱਸਿਆ ਕਿ ਬਿਜਲੀ ਦਾ ਕਰੰਟ ਲੱਗਣ ਨਾਲ ਮੰਗਲਦਾਸ ਇੰਜਣ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਹੱਡੀ ਟੁੱਟ ਗਈ। ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਸ ਦਿਨਾਂ ਵਿੱਚ ਤਿੰਨ ਮੁਲਾਜ਼ਮਾਂ ਨਾਲ ਹਾਦਸਾ ਵਾਪਰ ਚੁੱਕਿਆ ਹੈ।
ਮੰਗਲਦਾਸ ਦੋ ਛੋਟੀਆਂ ਬੱਚੀਆਂ ਦਾ ਪਿਤਾ ਹੈ। ਉਹ ਪਿਛਲੇ 12 ਸਾਲਾਂ ਤੋਂ ਰੇਲਵੇ ਵਿੱਚ ਕੰਮ ਕਰ ਰਿਹਾ ਹੈ। ਇਸ ਘਟਨਾ ਤੋਂ ਬਾਅਦ ਰੇਲਵੇ ਕਰਮਚਾਰੀਆਂ ਨੇ ਆਪਣਾ ਕੰਮ ਬੰਦ ਕਰ ਦਿੱਤਾ। ਲੋਕੋ ਸ਼ੈੱਡ ਤੋਂ ਨਾ ਤਾਂ ਕੋਈ ਇੰਜਣ ਬਾਹਰ ਨਿਕਲ ਰਿਹਾ ਹੈ ਅਤੇ ਨਾ ਹੀ ਅੰਦਰ ਲਿਜਾਇਆ ਜਾ ਰਿਹਾ ਹੈ। ਨਾਅਰੇਬਾਜ਼ੀ ਕਰ ਰਹੇ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤੱਕ ਪ੍ਰਾਈਵੇਟ ਮੁਲਾਜ਼ਮਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਅਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ।