Ludhiana News: ਲੁਧਿਆਣਾ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਲੁਧਿਆਣਾ-ਚੰਡੀਗੜ੍ਹ ਸੜਕ ’ਤੇ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਵਿੱਚ ਬੈਠੇ ਵਿਅਕਤੀਆਂ ਨੇ ਫੁਰਤੀ ਨਾਲ ਕਾਰ ਵਿੱਚੋਂ ਨਿਕਲ ਕੇ ਆਪਣੀ ਜਾਨ ਬਚਾਈ। ਇਹ ਹਾਦਸਾ ਐਤਵਾਰ ਨੂੰ ਵਾਪਰਿਆ ਹੈ। ਇਸ ਦੀਆਂ ਭਿਆਨਕ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਕਾਰ ਨੂੰ ਅੱਗ ਲੱਗੀ ਦੇਖ ਮੌਕੇ ਤੇ ਲੋਕ ਇਕੱਠੇ ਹੋਏ ਗਏ। ਲੋਕਾਂ ਨੇ ਪਾਣੀ, ਮਿੱਟੀ ਆਦਿ ਸੁੱਟ ਕੇ ਕਾਰ ਨੂੰ ਲੱਗੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। 


ਲੁਧਿਆਣਾ ਦੀ ਵਰਧਮਾਨ ਮਿੱਲ ਦੇ ਨੇੜੇ ਕੁਹਾੜੇ ਤੋਂ ਆ ਰਹੀ ਇੱਕ ਮਾਰੂਤੀ ਕਾਰ ਪੀਬੀ 10 ਬੀਡੀ 7478 ਸੀ, ਨੂੰ ਅਚਾਨਕ ਅੱਗ ਲੱਗਣ ਕਾਰਨ ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ। ਇਸ ਵਿੱਚ ਰਾਜ ਕੁਮਾਰ ਉਰਫ ਰਾਜੂ ਨਾਂ ਦੇ ਨੌਜਵਾਨ ਦਾ ਪਰਿਵਾਰ ਬੈਠਾ ਹੋਇਆ ਸੀ। 


ਇਸ ਬਾਰੇ ਰਾਜੂ ਨੇ ਦੱਸਿਆ ਕਿ ਉਹ ਕੁਹਾੜੇ ਤੋਂ ਸਮਰਾਲਾ ਚੌਕ ਵੱਲ ਕਿਸੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਜਾ ਰਹੇ ਸਨ। ਇਸ ਦੌਰਾਨ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਕੋਈ ਚੀਜ਼ ਸੜ ਰਹੀ ਹੈ। ਉਸ ਨੇ ਕਾਰ ਚਲਾਉਂਦੇ ਸੰਤੋਸ਼ ਕੁਮਾਰ ਨੂੰ ਗੱਡੀ ਸੜਕ ਦੇ ਇੱਕ ਪਾਸੇ ਰੋਕਣ ਲਈ ਅਜੇ ਕਿਹਾ ਹੀ ਸੀ ਕਿ ਗੱਡੀ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਗੱਡੀ ਨੂੰ ਅੱਗ ਲੱਗਦੀ ਦੇਖ ਸੰਤੋਸ਼, ਉਹ ਤੇ ਉਸ ਦਾ ਸਾਰਾ ਪਰਿਵਾਰ ਜਿਸ ਵਿੱਚ ਦੋ ਔਰਤਾਂ ਤੇ ਦੋ ਬੱਚੇ ਸ਼ਾਮਲ ਸਨ, ਗੱਡੀ ਵਿੱਚੋਂ ਬਾਹਰ ਆ ਗਏ। 



ਇਸ ਹਾਦਸੇ ਤੋਂ ਬਾਅਦ ਪੂਰਾ ਪਰਿਵਾਰ ਬੁਰੀ ਤਰ੍ਹਾਂ ਘਬਰਾਇਆ ਹੋਇਆ ਸੀ। ਅੱਗ ਲੱਗੀ ਗੱਡੀ ਦੇ ਆਲੇ-ਦੁਆਲੇ ਇਕੱਠੇ ਹੋਏ ਲੋਕਾਂ ਨੇ ਕੈਨੀਆਂ ਵਿੱਚ ਪਾਣੀ ਲਿਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਪੂਰੀ ਗੱਡੀ ਸੜ ਕੇ ਸੁਆਹ ਹੋ ਗਈ। ਸਥਾਨਕ ਲੋਕਾਂ ਦਾ ਤਾਂ ਇਹ ਵੀ ਕਹਿਣਾ ਸੀ ਕਿ ਜੇਕਰ ਫਾਇਰ ਬ੍ਰਿਗੇਡ ਥੋੜ੍ਹਾ ਜਲਦੀ ਆ ਜਾਂਦੀ ਤਾਂ ਗੱਡੀ ਨੂੰ ਵੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਸੀ। ਇਸ ਹਾਦਸੇ ਕਾਰਨ ਸੜਕ ’ਤੇ ਕੁਝ ਸਮੇਂ ਲਈ ਜਾਮ ਵੀ ਲੱਗਿਆ।