Ludhiana News: ਲੁਧਿਆਣਾ ਵਿੱਚ ਫਰਨੀਚਰ ਦੀ ਦੁਕਾਨ ਵਿੱਚ ਸ਼ਰਾਬ ਦਾ ਠੇਕਾ ਚੱਲ ਰਿਹਾ ਸੀ। ਲੋਕਾਂ ਨੇ ਵਿਰੋਧ ਕੀਤਾ ਤਾਂ ਆਬਕਾਰੀ ਵਿਭਾਗ ਦੀ ਟੀਮ ਨੇ ਇਹ ਠੇਕਾ ਸੀਲ ਕਰ ਦਿੱਤਾ ਹੈ। ਲੋਕਾਂ ਦਾ ਇਹ ਵੀ ਇਲਜ਼ਾਮ ਹੈ ਕਿ ਇਹ ਠੇਕਾ ਗੁਰਦੁਆਰਾ ਸਾਹਿਬ ਦੇ ਨੇੜੇ ਹੈ। ਇਸ ਤੋਂ ਇਲਾਵਾ ਇਹ ਨਾਜਾਇਜ਼ ਤੌਰ 'ਤੇ ਚਲਾਇਆ ਜਾ ਰਿਹਾ ਹੈ। ਇਸ ਕਰੇ ਆਬਕਾਰੀ ਵਿਭਾਗ ਦੀ ਟੀਮ ਨੇ ਕਾਰਵਾਈ ਕੀਤੀ।


ਹਾਸਲ ਜਾਣਕਾਰੀ ਮੁਤਾਬਕ ਆਬਕਾਰੀ ਵਿਭਾਗ ਦੀ ਟੀਮ ਨੇ ਲੁਧਿਆਣਾ ਦੀ ਈਸਾ ਨਗਰੀ ਪੁਲੀ ਵਿਖੇ ਗੋਲਡਨ ਫਰਨੀਚਰ ਦੀ ਦੁਕਾਨ 'ਚ ਨਾਜਾਇਜ਼ ਸ਼ਰਾਬ ਦਾ ਠੇਕਾ ਸੀਲ ਕਰ ਦਿੱਤਾ। ਆਸ-ਪਾਸ ਰਹਿੰਦੇ ਲੋਕਾਂ ਤੇ ਹੋਰ ਦੁਕਾਨਦਾਰਾਂ ਨੇ ਫਰਨੀਚਰ ਦੀ ਦੁਕਾਨ ਦੇ ਮਾਲਕ ਗੁਰਮੀਤ ਸਿੰਘ ਦਾ ਵਿਰੋਧ ਕੀਤਾ। ਲੋਕਾਂ ਨੇ ਦੱਸਿਆ ਕਿ ਇਹ ਠੇਕਾ ਗੁਰਦੁਆਰਾ ਸਾਹਿਬ ਤੋਂ ਕੁਝ ਹੀ ਦੂਰੀ 'ਤੇ ਖੋਲ੍ਹਿਆ ਗਿਆ ਹੈ।


ਲੋਕਾਂ ਨੇ ਕਿਹਾ ਕਿ ਫਰਨੀਚਰ ਦੀ ਦੁਕਾਨ ਦੇ ਮਾਲਕ ਨੂੰ ਸ਼ਰਾਬ ਨਾ ਵੇਚਣ ਲਈ ਕਿਹਾ ਸੀ, ਪਰ ਉਸ ਨੇ ਉਸ ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮਾਮਲਾ ਪੁਲਿਸ ਤੇ ਐਕਸਾਈਜ਼ ਵਿਭਾਗ ਦੇ ਧਿਆਨ 'ਚ ਲਿਆਂਦਾ। ਪਹਿਲਾਂ ਤਾਂ ਐਕਸਾਈਜ਼ ਵਿਭਾਗ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਮੌਕੇ ’ਤੇ ਨਹੀਂ ਪੁੱਜਿਆ। ਪੀਸੀਆਰ ਪੁਲਿਸ ਮੁਲਾਜ਼ਮ ਆਏ ਤਾਂ ਉਨ੍ਹਾਂ ਗੁਰਮੀਤ ਸਿੰਘ ਨੂੰ ਠੇਕਾ ਖੋਲ੍ਹਣ ਦਾ ਲਾਇਸੈਂਸ ਦਿਖਾਉਣ ਲਈ ਕਿਹਾ, ਪਰ ਉਹ ਨਹੀਂ ਦਿਖਾ ਸਕਿਆ।


ਇਹ ਵੀ ਪੜ੍ਹੋ: ਮਲਟੀਪਰਪਜ਼ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਸਿਹਤ ਡਾਇਰੈਕਟਰ ਤੇ ਸਿਹਤ ਮੰਤਰੀ ਖਿਲਾਫ਼ 24 ਅਗਸਤ ਨੂੰ ਚੰਡੀਗੜ੍ਹ 'ਚ ਧਰਨਾ


ਦੁਕਾਨਦਾਰ ਗੁਰਮੀਤ ਨੇ ਪੁਲਿਸ ਮੁਲਾਜ਼ਮਾਂ ਨੂੰ ਸਪਸ਼ਟ ਕੀਤਾ ਕਿ ਨੇੜੇ ਹੀ ਇੱਕ ਹੋਰ ਸ਼ਰਾਬ ਦਾ ਠੇਕਾ ਹੈ। ਇਸ ਲਈ ਉਸ ਦਾ ਸਾਮਾਨ ਇੱਥੇ ਪਿਆ ਹੈ। ਉਹ ਇੱਥੇ ਵੀ ਠੇਕਾ ਖੋਲ੍ਹ ਰਿਹਾ ਹੈ। ਇਸ ਤੋਂ ਬਾਅਦ ਐਕਸਾਈਜ਼ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਕਾਨੂੰਨ ਅਨੁਸਾਰ ਜੇਕਰ ਕਿਸੇ ਠੇਕੇਦਾਰ ਕੋਲ ਇੱਕ ਠੇਕਾ ਹੈ ਤਾਂ ਉਹ ਇੱਕ ਲਾਇਸੈਂਸ 'ਤੇ ਦੂਜੀ ਥਾਂ 'ਤੇ ਠੇਕਾ ਨਹੀਂ ਖੋਲ੍ਹ ਸਕਦਾ।


ਇਹ ਵੀ ਪੜ੍ਹੋ: Punjab news: ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਸੱਪ ਡੰਗਣ 'ਤੇ ਜਾਖੜ ਨੇ ਕੱਸਿਆ ਤੰਜ, ਸੱਪ-ਸੀੜੀ ਖੇਡ ਸ਼ੇਅਰ ਕਰਕੇ ਕਿਹੀ ਵੱਡੀ ਗੱਲ


ਆਬਕਾਰੀ ਅਧਿਕਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਬਿਨਾਂ ਲਾਇਸੈਂਸ ਤੋਂ ਨਾਜਾਇਜ਼ ਠੇਕਾ ਚਲਾ ਰਿਹਾ ਸੀ। ਆਬਕਾਰੀ ਵਿਭਾਗ ਵੱਲੋਂ ਇਸ ਦਾ ਚਲਾਨ ਕੀਤਾ ਜਾਵੇਗਾ। ਦੁਕਾਨ ਤੋਂ 60 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ। ਇਸ ਮਗਰੋਂ ਇਲਾਕੇ ਦੇ ਲੋਕ ਸ਼ਾਂਤ ਹੋ ਗਏ।