Ludhiana News: ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਅੱਜ ਲੁਧਿਆਣਾ ਸਥਿਤ ਭਾਰਤ ਪੇਪਰਜ਼ ਲਿਮਟਿਡ 'ਤੇ ਛਾਪਾ ਮਾਰਿਆ ਹੈ। ਈਡੀ ਅਧਿਕਾਰੀਆਂ ਮੁਤਾਬਕ ਪੇਪਰਜ਼ ਲਿਮਟਿਡ ਵੱਲੋਂ ਬੈਂਕਾਂ ਨਾਲ 200 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਕਈ ਰਾਜਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਈਡੀ ਦੀ ਟੀਮ ਨੇ ਜੰਮੂ-ਕਸ਼ਮੀਰ, ਪੰਜਾਬ ਤੇ ਯੂਪੀ 'ਚ 9 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ।


ਹਾਸਲ ਜਾਣਕਾਰੀ ਮੁਤਾਬਕ ਸਤੰਬਰ 2006 ਵਿੱਚ ਭਾਰਤ ਪੇਪਰਜ਼ ਲਿਮਟਿਡ (BPL) ਨੇ ਜੰਮੂ ਤੇ ਲੁਧਿਆਣਾ ਵਿੱਚ ਪੇਪਰ ਬੋਰਡ ਪੈਕੇਜਿੰਗ ਉਦਯੋਗ ਦੀ ਸ਼ੁਰੂਆਤ ਕੀਤੀ ਸੀ। ਕੰਪਨੀ 'ਤੇ ਇਲਜ਼ਾਮ ਹੈ ਕਿ ਇਸ ਦੇ ਡਾਇਰੈਕਟਰਾਂ ਨੇ ਕਈ ਬੈਂਕਾਂ ਨਾਲ ਕਰੀਬ 200 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਭਾਰਤ ਪੇਪਰਜ਼ ਲਿਮਟਿਡ ਦੇ ਡਾਇਰੈਕਟਰ ਰਜਿੰਦਰ ਕੁਮਾਰ, ਪ੍ਰਵੀਨ ਕੁਮਾਰ, ਬਲਜਿੰਦਰ ਸਿੰਘ, ਅਨਿਲ ਕੁਮਾਰ ਤੇ ਅਨਿਲ ਕਸ਼ਯਪ ਹਨ।


ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਈਡੀ ਦੀ ਟੀਮ ਸਵੇਰੇ 7.30 ਵਜੇ ਲੁਧਿਆਣਾ ਦੇ ਭਾਮੀਆਂ ਰੋਡ 'ਤੇ ਸਥਿਤ ਭਾਰਤ ਬਾਕਸ ਫੈਕਟਰੀ ਪਹੁੰਚੀ। ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ। ਅੱਜ ਦੁਪਹਿਰ ਸਮੇਂ ਫੈਕਟਰੀ ਦੇ ਅਧਿਕਾਰੀਆਂ ਵੱਲੋਂ ਕਈ ਮੁਲਾਜ਼ਮਾਂ ਨੂੰ ਪਿਛਲੇ ਪਾਸੇ ਸ਼ਟਰਾਂ ਤੋਂ ਬਾਹਰ ਕੱਢਿਆ ਗਿਆ।


ਦੱਸ ਦਈਏ ਕਿ 11 ਨਵੰਬਰ, 2022 ਨੂੰ ਭਾਰਤ ਪੇਪਰਜ਼ ਲਿਮਟਿਡ ਕੰਪਨੀ ਦੇ ਦੋ ਸਾਬਕਾ ਡਾਇਰੈਕਟਰਾਂ ਪ੍ਰਵੀਨ ਅਗਰਵਾਲ ਤੇ ਅਨਿਲ ਕੁਮਾਰ ਨੂੰ ਸੀਬੀਆਈ ਨੇ ਕਠੂਆ ਤੋਂ ਬੈਂਕ ਗਬਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ 'ਤੇ ਐਸਬੀਆਈ ਬੈਂਕ ਦੀ ਲੁਧਿਆਣਾ ਸ਼ਾਖਾ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਨਾਲ 87.88 ਕਰੋੜ ਰੁਪਏ ਦਾ ਕਰਜ਼ਾ ਘੁਟਾਲਾ ਕਰਨ ਦਾ ਦੋਸ਼ ਸੀ। ਸੀਬੀਆਈ ਨੇ ਇਸ ਮਾਮਲੇ ਦੇ ਆਧਾਰ 'ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।


ਸੀਬੀਆਈ ਅਧਿਕਾਰੀਆਂ ਅਨੁਸਾਰ ਸਟੇਟ ਬੈਂਕ ਆਫ਼ ਲੁਧਿਆਣਾ ਬ੍ਰਾਂਚ ਦੀ ਸ਼ਿਕਾਇਤ 'ਤੇ ਸਾਲ 2020 'ਚ ਭਾਰਤ ਪੇਪਰਜ਼ ਮਿੱਲ ਤੇ ਇਸ ਦੇ ਮੈਨੇਜਿੰਗ ਡਾਇਰੈਕਟਰ, ਡਾਇਰੈਕਟਰਾਂ ਤੇ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਕੰਪਨੀ ਦੇ ਤਤਕਾਲੀ ਡਾਇਰੈਕਟਰਾਂ ਅਨਿਲ ਕੁਮਾਰ ਤੇ ਪ੍ਰਵੀਨ ਅਗਰਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਰਤ ਪੇਪਰ ਮਿੱਲ ਲੰਗੇਟ, ਕਠੂਆ ਵਿੱਚ 400 ਕਨਾਲ ਜ਼ਮੀਨ ਵਿੱਚ ਸਥਿਤ ਦੱਸੀ ਜਾਂਦੀ ਹੈ।


ਮੰਦੀ ਕਾਰਨ ਇਹ ਯੂਨਿਟ ਕਰੀਬ 16 ਸਾਲ ਪਹਿਲਾਂ ਬੰਦ ਹੋ ਗਿਆ ਸੀ ਤੇ ਇਸ ਦੀ ਮਸ਼ੀਨਰੀ ਵੀ ਵਿਕ ਚੁੱਕੀ ਹੈ। ਹਾਲਾਂਕਿ ਕਈ ਸਾਲ ਪਹਿਲਾਂ ਕੰਪਨੀ ਦੇ ਡਿਫਾਲਟਰ ਹੋਣ ਤੋਂ ਬਾਅਦ ਬੈਂਕ ਨੇ ਇਸ ਜ਼ਮੀਨ ਦਾ ਕਬਜ਼ਾ ਲੈ ਲਿਆ ਸੀ। ਸਾਲ 2006 ਵਿੱਚ ਕੰਪਨੀ ਨੇ ਪਹਿਲੇ ਪੜਾਅ ਵਿੱਚ ਲਗਪਗ 200 ਕਰੋੜ ਰੁਪਏ ਤੇ ਦੂਜੇ ਪੜਾਅ ਵਿੱਚ 200 ਕਰੋੜ ਰੁਪਏ ਨਿਵੇਸ਼ ਕਰਨ ਦਾ ਦਾਅਵਾ ਕੀਤਾ ਸੀ ਪਰ ਦੋ ਸਾਲਾਂ ਦੇ ਅੰਦਰ ਹੀ ਕੰਪਨੀ ਨੇ ਕਠੂਆ ਸਥਿਤ ਯੂਨਿਟ ਨੂੰ ਬੰਦ ਕਰ ਦਿੱਤਾ।


ਇਹ ਵੀ ਪੜ੍ਹੋ: Congress On Chinese Intrusion: ਚੀਨੀ ਸੈਨਿਕਾਂ ਨੇ ਲੱਦਾਖ 'ਚ ਭਾਰਤੀ ਚਰਵਾਹਿਆਂ ਨੂੰ ਰੋਕਿਆ, ਕਾਂਗਰਸ ਦਾ ਦਾਅਵਾ, ਵੀਡੀਓ ਸ਼ੇਅਰ ਕਰਕੇ PM ਮੋਦੀ ਤੋਂ ਕੀਤੀ ਇਹ ਮੰਗ


ਇਸ ਪ੍ਰਾਜੈਕਟ ਨੂੰ ਚਲਾਉਣ ਲਈ ਲੁਧਿਆਣਾ ਸਥਿਤ ਸਟੇਟ ਬੈਂਕ ਦੀ ਸ਼ਾਖਾ ਤੋਂ ਕਰਜ਼ਾ ਲਿਆ ਗਿਆ। ਕੰਪਨੀ ਦੀ ਸਾਂਬਾ ਦੇ ਉਦਯੋਗਿਕ ਖੇਤਰ ਵਿੱਚ ਵੀ ਇੱਕ ਯੂਨਿਟ ਹੈ। ਬੈਂਕ ਦਾ ਦੋਸ਼ ਸੀ ਕਿ ਇਹ ਧੋਖਾਧੜੀ ਐਸਬੀਆਈ ਦੇ ਅਣਪਛਾਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ 87.88 ਕਰੋੜ ਰੁਪਏ ਦਾ ਕਰਜ਼ਾ ਵਿਆਜ ਸਮੇਤ ਕਰੀਬ 121.13 ਕਰੋੜ ਰੁਪਏ ਦਾ ਹੋ ਗਿਆ ਹੈ।


ਇਹ ਵੀ ਪੜ੍ਹੋ: Moga News: ਪਿੰਡ ਵਾਲਿਆਂ ਤੇ ਗੁੱਜਰਾਂ ਵਿਚਾਲੇ ਖੂਨੀ ਝੜਪ! ਇੱਕ-ਦੂਜੇ ਉੱਪਰ ਖੂਬ ਡਾਂਗਾਂ ਵਰ੍ਹਾਈਆਂ