ਮੋਗਾ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ: ਰਾਜ ਕੁਮਾਰ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੀ.ਪੀ.) ਪੰਜਾਬ ਦੀ ਅਗਵਾਈ ਹੇਠ ਰਾਜ ਪੱਧਰੀ ਫਲਾਇੰਗ ਸਕੂਏਡ ਜਿਸ ਵਿਚ ਡਾ: ਹਰਪਾਲ ਸਿੰਘ ਪੰਨੂ ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ, ਡਾ: ਗੁਰਪਾਲ ਸਿੰਘ ਐਗਰੋਨੋਮਿਸਟ ਮੁੱਖ ਦਫ਼ਤਰ ਐਸ.ਏ.ਐਸ ਨਗਰ, ਡਾ. ਸੁਨਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਐਸ.ਏ.ਐਸ ਨਗਰ, ਵੱਲੋਂ ਅੱਜ ਜ਼ਿਲ੍ਹਾ ਮੋਗਾ ਵਿਖੇ ਬਲਾਕ ਮੋਗਾ-1, ਮੋਗਾ-2 ਅਤੇ ਬੱਧਨੀ ਕਲਾਂ ਵਿਖੇ ਖਾਦ, ਬੀਜ ਅਤੇ ਦਵਾਈ ਵਿਕਰੇਤਾਵਾਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਚੈਕਿੰਗ ਦੌਰਾਨ ਖਾਦ ਅਤੇ ਦਵਾਈ ਵਿਕਰੇਤਾਵਾਂ ਦੀਆਂ ਦੁਕਾਨਾਂ ਦਾ ਰਿਕਾਰਡ ਚੈਕ ਕੀਤਾ ਗਿਆ ਅਤੇ ਕੀਟਨਾਸ਼ਕ ਦੇ 15, ਕੈਮੀਕਲ ਖਾਦ ਦੇ 12 ਅਤੇ ਬਾਇਓ ਖਾਦ ਦੇ 2 ਸੈਂਪਲ ਭਰੇ ਗਏ ਜਿਨਾਂ ਨੂੰ ਪਰਖ ਕਰਨ ਲਈ ਵੱਖ ਵੱਖ ਲੈਬਾਟਰੀਆਂ ਵਿਚ ਭੇਜ ਦਿੱਤਾ ਗਿਆ। ਕਈ ਫਰਮਾਂ ਦਾ ਰਿਕਾਰਡ ਸਹੀ ਨਾ ਹੋਣ ਦੀ ਸੂਰਤ ਵਿਚ ਉਨ੍ਹਾਂ ਦੀ ਸੇਲ ਬੰਦ ਕਰ ਦਿੱਤੀ ਗਈ। ਇਨ੍ਹਾਂ ਫਰਮਾਂ ਵਿਰੁੱਧ ਐਕਟ ਅਨੁਸਾਰ ਵਿਭਾਗ ਵੱਲੋਂ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ।
ਇਸ ਸਮੇਂ ਡਾ: ਮਨਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ, ਡਾ. ਜਸਵਿੰਦਰ ਸਿੰਘ ਬਰਾੜ ਸਹਾਇਕ ਪੌਦਾ ਸੁਰੱਖਿਆ ਅਫ਼ਸਰ, ਡਾ. ਗੁਰਪ੍ਰੀਤ ਸਿੰਘ, ਡਾ. ਨਵਦੀਪ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਰੁਕਿੰਦਰਪ੍ਰੀਤ ਸਿੰਘ, ਡਾ. ਬਲਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਹਾਜ਼ਰ ਸਨ।
ਡਾ. ਰਾਜ ਕੁਮਾਰ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੀ.ਪੀ.) ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਉਚ ਮਿਆਰੀ ਖੇਤੀ ਇਨਪੁਟਸ ਮੁਹੱਈਆ ਕਰਾਉਣ ਲਈ ਅਜਿਹੀਆਂ ਚੈਕਿੰਗਾਂ ਅੱਗੇ ਤੋਂ ਵੀ ਜਾਰੀ ਰਹਿਣਗੀਆਂ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਜਾਂ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਡਾ: ਮਨਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਮੋਗਾ ਨੇ ਸਮੂਹ ਡੀਲਰਜ਼ ਨੂੰ ਹਦਾਇਤ ਕੀਤੀ ਕਿ ਸਾਰੇ ਆਪਣੀਆਂ ਫਰਮਾਂ ਦਾ ਰਿਕਾਰਡ ਠੀਕ ਰੱਖਣ ਅਤੇ ਕਿਸਾਨਾਂ ਨੂੰ ਸਿਰਫ ਸਿਫਾਰਸ਼ਸ਼ੁਦਾ ਖੇਤੀ ਇਨਪੁਟਸ ਦੀ ਹੀ ਵਿਕਰੀ ਕਰਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਲਾਕ ਖੇਤੀਬਾੜੀ ਅਫ਼ਸਰਾਂ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਡਾ: ਜਸਵਿੰਦਰ ਸਿੰਘ ਬਰਾੜ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਨੇ ਕਿਹਾ ਕਿ ਕਿਸਾਨ ਵੀਰ ਖੇਤੀ ਇਨਪੁਟਸ ਦੀ ਖਰੀਦ ਸਮੇਂ ਪੱਕਾ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰੀ ਹੈ ਤਾਂ ਤੁਰੰਤ ਖੇਤੀਬਾੜੀ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ। ਕਿਸੇ ਵੀ ਡੀਲਰ ਨੂੰ ਟੈਗਿੰਗ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਜੇਕਰ ਕੋਈ ਵਿਅਕਤੀ ਟੈਗਿੰਗ ਕਰਦਾ ਪਾਇਆ ਗਿਆ ਤਾਂ ਉਨ੍ਹਾਂ ਵਿਰੁੱਧ ਵੀ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।