SGPC Election: ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਅਕਾਲੀ ਦਲ ਤਿਆਰ, ਬਾਦਲ ਨੇ ਦਿੱਤੀ ਸਾਰੀ ਜਾਣਕਾਰੀ
Shiromani Gurdwara Parbandhak Committee - ਨਸ਼ਿਆਂ ਦੇ ਮਾਮਲੇ ’ਤੇ ਆਪ ਸਰਕਾਰ ’ਤੇ ਵਰ੍ਹਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਪ ਦੇ ਵਿਧਾਇਕ ਸੂਬੇ ਵਿਚ ਨਸ਼ਾ ਤਸਕਰੀ ਦੀ ਪੁਸ਼ਤਪਨਾਹੀ ਕਰ ਰਹੇ ਹਨ ਤੇ ਉਹਨਾਂ ਦੇ ਮਹੀਨੇ ਲੈ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਨੂੰ ਲੈ ਕੇ ਨਵੀਆਂ ਵੋਟਾਂ ਅਤੇ ਸੋਧ ਕਰਨ ਦੀ ਪ੍ਰਕੀਰਿਆ ਪੰਜਾਬ ਵਿੱਚ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਇੱਕ ਵੱਡਾ ਦਾਅਵਾ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਚੋਣਾਂ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ ਤੇ ਸੰਗਤ ਦਾ ਫਤਵਾ ਇਸੇ ਨੂੰ ਮਿਲੇਗਾ।
ਉਹਨਾਂ ਨੇ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਵਰਗੇ ਅਖੌਤੀ ਆਗੂਆਂ ਨੂੰ ਵੀ ਕਰੜੇ ਹੱਥੀਂ ਲਿਆ, ਬਾਦਲ ਨੇ ਕਿਹਾ ਕਿ ਲਗਾਤਾਰ ਵਾਪਰ ਰਹੇ ਬੇਅਦਬੀ ਮਾਮਲਿਆਂ ’ਤੇ ਇਹ ਦੋਵੇ ਚੁੱਪ ਹਨ ਤੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਉਹਨਾਂ ਨੇ ਬੇਅਦਬੀ ਵਰਗੇ ਮਾਮਲੇ ’ਤੇ ਸਿਆਸਤ ਕੀਤੀ ਤੇ ਹੁਣ 100 ਤੋਂ ਜ਼ਿਆਦਾ ਬੇਅਦਬੀ ਦੀਆਂ ਘਟਨਾਵਾਂ ਵਾਪਰ ਗਈਆਂ ਹਨ ਪਰ ਉਹ ਚੁੱਪ ਹਨ।
ਨਸ਼ਿਆਂ ਦੇ ਮਾਮਲੇ ’ਤੇ ਆਪ ਸਰਕਾਰ ’ਤੇ ਵਰ੍ਹਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਪ ਦੇ ਵਿਧਾਇਕ ਸੂਬੇ ਵਿਚ ਨਸ਼ਾ ਤਸਕਰੀ ਦੀ ਪੁਸ਼ਤਪਨਾਹੀ ਕਰ ਰਹੇ ਹਨ ਤੇ ਉਹਨਾਂ ਦੇ ਮਹੀਨੇ ਲੈ ਰਹੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸੂਬੇ ਵਿਚ ਨਸ਼ਾ ਤਸਕਰੀ ਇੰਨੀ ਵੱਧ ਗਈ ਹੈ।
ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਡਰਾਮਾ ਕਰਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਫੇਲ੍ਹ ਮੁੱਖ ਮੰਤਰੀ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ ਪਰ ਉਹਨਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਇਹ ਡਰਾਮੇਬਾਜ਼ੀ ਹੁਣ ਨਹੀਂ ਚੱਲੇਗੀ।ਪੰਜਾਬੀ ਉਹਨਾਂ ਨੂੰ ਉਹਨਾਂ ਦੇ ਝੂਠ ਤੇ ਅਸਫਲਤਾਵਾਂ ਦਾ ਠੋਕਵਾਂ ਜਵਾਬ ਦੇਣਗੇ।
ਗੈਰ ਕਾਨੂੰਨੀ ਸੈਸ਼ਨ ਦੇ ਮਾਮਲੇ ’ਤੇ ਮੁੱਖ ਮੰਤਰੀ ’ਤੇ ਵਰ੍ਹਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੈਸ਼ਨ ਸਿਰਫ ਇਕ ਡਰਾਮਾ ਸੀ ਤੇ ਉਥੇ ਕੋਈ ਕੰਮਕਾਜ ਨਹੀਂ ਕੀਤਾ ਗਿਆ।
ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਵਿਰੋਧ ਕਰਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ 2022 ਦੀਆਂ ਚੋਣਾਂ ਵਿਚ ਖਾਲਸਾ ਪੰਥ ਨੇ ਆਪ ਲਈ ਵੋਟਾਂ ਪਾਈਆਂ ਤੇ ਹੁਣ ਆਪ ਪੰਥ ਵੇਖ ਕੇ ਕਿਵੇਂ ਆਮ ਆਦਮੀ ਪਾਰਟੀ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰ ਰਹੀ ਹੈ।