Punjab News: ਪੰਜਾਬ 'ਚ RC ਦਾ ਸੰਕਟ: ਲੱਖਾਂ ਗੱਡੀਆਂ ਦੀਆਂ RC ਪੈਂਡਿੰਗ, ਜਾਣੋ ਇਸ ਮਾਮਲੇ 'ਚ ਕੀ ਬੋਲੇ ਮੰਤਰੀ...
ਪਿਛਲੇ ਕੁੱਝ ਮਹੀਨਿਆਂ ਤੋਂ ਪੰਜਾਬੀਆਂ ਨੂੰ ਵਾਹਨ ਸੰਬੰਧੀ ਕਾਗਜ਼ ਪੱਤਰਾਂ ਨੂੰ ਲੈ ਕੇ ਪ੍ਰੇਸ਼ਾਣੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ RC ਪ੍ਰਿੰਟ ਹੀ ਨਹੀਂ ਹੋ ਰਹੀਆਂ ਹਨ। ਇਸ ਕਰਕੇ ਲੋਕਾਂ ਦੀਆਂ ਗੱਡੀਆਂ ਦੇ ਲੋਨ ਪ੍ਰਕਿਰਿਆ ਰੁਕ ਗਈ ਹੈ..

ਲੁਧਿਆਣਾ ਜ਼ਿਲ੍ਹੇ ਸਮੇਤ ਸਾਰੇ ਪੰਜਾਬ 'ਚ ਵਾਹਨ ਮਾਲਕਾਂ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਨਾ ਮਿਲਣ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਅਕਤੂਬਰ 2024 ਤੋਂ ਲੈ ਕੇ ਹੁਣ ਤੱਕ ਇੱਕ ਵੀ RC ਪ੍ਰਿੰਟ ਨਹੀਂ ਹੋਈ। ਇਸ ਕਰਕੇ ਲੋਕਾਂ ਦੀਆਂ ਗੱਡੀਆਂ ਦੇ ਲੋਨ ਪ੍ਰਕਿਰਿਆ ਰੁਕ ਗਈ ਹੈ, ਟ੍ਰੈਫਿਕ ਪੁਲਿਸ ਹਰ ਰੋਜ਼ ਚਲਾਨ ਕਰ ਰਹੀ ਹੈ ਅਤੇ ਵਾਹਨ ਮਾਲਕ ਡੀਲਰਾਂ ਤੇ ਆਰ.ਟੀ.ਏ. ਦਫ਼ਤਰਾਂ ਦੇ ਚੱਕਰ ਲਾ ਰਹੇ ਹਨ। ਜਿਸ ਨਾਲ ਆਮ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
7 ਲੱਖ ਆਰ.ਸੀ. ਪੈਂਡਿੰਗ
ਜਾਣਕਾਰੀ ਅਨੁਸਾਰ, ਇਸ ਸਮੇਂ ਪੰਜਾਬ ਵਿੱਚ ਲਗਭਗ 7 ਲੱਖ ਆਰ.ਸੀ. ਪੈਂਡਿੰਗ ਹਨ। ਦੂਜੇ ਪਾਸੇ ਹਰ ਰੋਜ਼ 1500 ਤੋਂ ਵੱਧ ਨਵੀਆਂ ਗੱਡੀਆਂ ਵਿਕ ਰਹੀਆਂ ਹਨ, ਜਿਸ ਨਾਲ ਇਹ ਅੰਕੜਾ ਲਗਾਤਾਰ ਵੱਧ ਰਿਹਾ ਹੈ। ਅਰਜ਼ੀਕਰਤਾ ਦੱਸਦੇ ਹਨ ਕਿ ਦਸੰਬਰ 2024 ਵਿੱਚ ਉਨ੍ਹਾਂ ਨੇ ਨਵੀਂ ਐਕਟਿਵਾ ਖਰੀਦੀ ਸੀ ਪਰ ਅੱਜ ਤੱਕ ਆਰ.ਸੀ. ਨਹੀਂ ਮਿਲੀ। ਡੀਲਰ ਕਹਿੰਦਾ ਹੈ ਕਿ ਅਜੇ ਤਾਂ ਅਕਤੂਬਰ ਵਾਲਿਆਂ ਦੀ ਵੀ ਨਹੀਂ ਆਈ। ਇੰਝ ਹੀ ਦੂਜੇ ਬਿਨੈਕਾਰ ਨੇ ਜਨਵਰੀ 2025 ਵਿੱਚ ਨਵੀਂ ਕਾਰ ਲਈ ਸੀ। ਉਹ ਕਹਿੰਦੇ ਹਨ ਕਿ ਹਰ ਵਾਰੀ ਟ੍ਰੈਫਿਕ ਪੁਲਿਸ ਚਲਾਨ ਕਰਦੀ ਹੈ ਤੇ ਆਰ.ਸੀ. ਵੇਖਾਉਣ ਨੂੰ ਕਹਿੰਦੀ ਹੈ। ਕਈ ਵਾਰੀ ਡੀਲਰ ਨੂੰ ਫੋਨ ਕੀਤਾ ਪਰ ਹਰ ਵਾਰੀ ਇਹੀ ਜਵਾਬ ਮਿਲਦਾ ਹੈ ਕਿ ਜਦੋਂ ਪ੍ਰਿੰਟ ਹੋਏਗੀ, ਘਰ ਆ ਜਾਏਗੀ।
RTA ਦਫ਼ਤਰ ਵੱਲੋਂ ਮਿਲਦਾ ਇਹ ਜਵਾਬ
ਜਦੋਂ ਆਰ.ਟੀ.ਏ. ਅਧਿਕਾਰੀ ਕੁਲਦੀਪ ਬਾਵਾ ਨਾਲ ਇਸ ਮਾਮਲੇ 'ਚ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਿਰਫ਼ ਇਨਾ ਹੀ ਕਿਹਾ ਕਿ "ਹੈੱਡ ਆਫਿਸ ਤੋਂ ਜਾਣਕਾਰੀ ਲਓ"। ਵਾਹਨ ਮਾਲਕਾਂ ਦਾ ਕਹਿਣਾ ਹੈ ਕਿ ਹਰ ਦਫ਼ਤਰ 'ਚੋ ਇਹੋ ਜਿਹਾ ਟਾਲਮਟੋਲ ਵਾਲਾ ਜਵਾਬ ਮਿਲਦਾ ਹੈ।
ਮੰਤਰੀ ਬੋਲੇ – ਸਮੱਸਿਆ ਜਲਦ ਹੋਵੇਗੀ ਹੱਲ
ਇਸ ਮਸਲੇ 'ਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਹਿਲਾਂ ਇਹ ਕੰਮ ਇੱਕ ਪ੍ਰਾਈਵੇਟ ਕੰਪਨੀ ਕਰਦੀ ਸੀ, ਪਰ ਉਸ ਨੇ ਠੇਕਾ ਛੱਡ ਦਿੱਤਾ। ਉਸ ਤੋਂ ਬਾਅਦ ਸਰਕਾਰ ਨੇ ਖੁਦ ਇਹ ਜਿੰਮੇਵਾਰੀ ਸੰਭਾਲੀ। ਉਸ ਵੇਲੇ ਲਗਭਗ 10 ਲੱਖ ਆਰ.ਸੀ. ਬਕਾਇਆ ਸਨ, ਜਿਨ੍ਹਾਂ ਵਿੱਚੋਂ 6 ਲੱਖ ਪ੍ਰਿੰਟ ਹੋ ਚੁੱਕੀਆਂ ਹਨ ਅਤੇ 4 ਲੱਖ ਹੁਣ ਵੀ ਬਾਕੀ ਹਨ। ਮੰਤਰੀ ਭੁੱਲਰ ਨੇ ਦੱਸਿਆ ਕਿ ਪੰਜਾਬ ਵਿੱਚ ਰੋਜ਼ਾਨਾ ਲਗਭਗ 25,000 ਆਰ.ਸੀ. ਦੀ ਮੰਗ ਆਉਂਦੀ ਹੈ। 2 ਦਿਨ ਪਹਿਲਾਂ ਪ੍ਰਿੰਟਿੰਗ ਮਸ਼ੀਨ ਵਿੱਚ ਤਕਨੀਕੀ ਖ਼ਰਾਬੀ ਆ ਗਈ ਸੀ ਜੋ ਹੁਣ ਠੀਕ ਕਰ ਦਿੱਤੀ ਗਈ ਹੈ। ਅਗਲੇ 10 ਤੋਂ 20 ਦਿਨਾਂ ਵਿੱਚ ਸਾਰੀਆਂ ਬਕਾਇਆ ਆਰ.ਸੀ. ਛਪ ਕੇ ਲੋਕਾਂ ਦੇ ਘਰ ਪਹੁੰਚ ਜਾਣਗੀਆਂ।






















