Ludhiana News: ਲੁਧਿਆਣਾ 'ਚ ਅੱਜ ਦਾ ਦਿਨ ਕਹਿਰ ਬਣ ਕੇ ਚੜ੍ਹਿਆ। ਸ਼ਹਿਰ ਦੇ ਗਿਆਸਪੁਰਾ ਇਲਾਕੇ ਵਿੱਚ ਅੱਜ ਤੜਕੇ ਗੈਸ ਲੀਕ ਹੋਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਚਾਰ ਤੋਂ ਵੱਧ ਲੋਕ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਖਬਰ ਸਾਹਮਣੇ ਆਉਂਦਿਆਂ ਹੀ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਹ ਵੀ ਪੜ੍ਹੋ: ਹੁਣ ਸਰਕਾਰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਨੂੰ ਦਬਾਉਣ 'ਚ ਲੱਗੀ- ਬਲਕੌਰ ਸਿੰਘ
ਹਾਸਲ ਜਾਣਕਾਰੀ ਮੁਤਾਬਕ ਗੈਸ ਲੀਕ ਹੋਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੇ ਐਨਡੀਆਰਐਫ਼ ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ ਜਿਨ੍ਹਾਂ ਨੇ ਫੈਕਟਰੀ ਵਿੱਚ ਲੀਕ ਹੋ ਰਹੀ ਗੈਸ ਰੋਕਣ ਦੀ ਕੋਸ਼ਿਸ਼ ਕੀਤੀ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪੁਲਿਸ ਤੇ ਐਨਡੀਆਰਐਫ਼ ਦੀਆਂ ਟੀਮਾਂ ਨੇ ਆਸ-ਪਾਸ ਦੇ ਰਿਹਾਇਸ਼ੀ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਹੋਰਨਾਂ ਇਲਾਕਿਆਂ ਵਿੱਚ ਭੇਜ ਦਿੱਤਾ ਤੇ ਸਾਰਾ ਇਲਾਕਾ ਖਾਲੀ ਕਰਵਾ ਲਿਆ।
ਮੌਕੇ ’ਤੇ ਪੁੱਜੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇੱਥੇ ਇੱਕ ਦੁਕਾਨ ਸੀ, ਜਿੱਥੇ ਗੈਸ ਲੀਕ ਹੋਣ ਦੀ ਗੱਲ ਕਹੀ ਜਾ ਰਹੀ ਹੈ। ਉਸ ਥਾਂ ਤੋਂ ਨਿਕਲ ਰਹੀ ਗੈਸ ਕਾਰਨ ਹੀ ਲੋਕ ਬੇਹੋਸ਼ ਹੋ ਰਹੇ ਹਨ। ਹਾਲੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਹਲਕਾ ਵਿਧਾਇਕ ਰਾਜਿੰਦਰ ਕੌਰ ਛੀਨਾ ਤੇ ਵਿਧਾਇਕ ਗੁਰਪ੍ਰੀਤ ਗੋਗੀ ਵੀ ਪੁੱਜੇ ਜਿਨ੍ਹਾਂ ਨੇ ਪ੍ਰਸ਼ਾਸਨ ਦੀਆਂ ਹੋਰਨਾਂ ਟੀਮਾਂ ਨੂੰ ਮੌਕੇ ’ਤੇ ਸੱਦਿਆ।
ਦਰਅਸਲ ਕਿਹਾ ਜਾ ਰਿਹਾ ਹੈ ਕਿ ਇੱਕ ਮੈਨਹੋਲ ਵਿੱਚੋਂ ਗੈਸ ਨਿਕਲੀ ਹੋਈ ਸੀ। ਇੱਥੇ ਸੀਵਰੇਜ ਦਾ ਢੱਕਣ ਵੀ ਟੁੱਟਿਆ ਹੋਇਆ ਹੈ। ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਕਿ ਕਿਸੇ ਨੇ ਸੀਵਰੇਜ ਵਿੱਚ ਕੋਈ ਕੈਮੀਕਲ ਵਾਲਾ ਪਾਣੀ ਪਾਇਆ ਹੋਵੇ ਤੇ ਕੈਮੀਕਲ ਸੀਵਰੇਜ ਦੀ ਗੈਸ ਨਾਲ ਮਿਲ ਕੇ ਖ਼ਤਰਨਾਕ ਗੈਸ ਬਣ ਗਈ ਹੋਵੇ। ਹਾਲੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਐਨਡੀਆਰਐਫ਼ ਦੀ ਟੀਮ ਨੇ ਸੈਂਪਲ ਵੀ ਲਏ ਹਨ।
ਇਹ ਵੀ ਪੜ੍ਹੋ: ਬਾਦਲ ਦੀ ਮੌਤ 'ਤੇ ਨਵਜੋਤ ਸਿੱਧੂ ਨੇ ਸੁਖਬੀਰ ਨਾਲ ਕੀਤਾ ਅਫਸੋਸ