(Source: ECI/ABP News/ABP Majha)
Ludhiana News: ਲੁਧਿਆਣਾ 'ਚ ਤੇਜ਼ਧਾਰ ਹਥਿਆਰਾਂ ਨਾਲ ਖੂਨੀ ਭੇੜ, ਦੋਵਾਂ ਧਿਰਾਂ ਵੱਲੋਂ ਵੱਢ-ਟੁੱਕ
ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਧਿਰਾਂ ਤੇਜ਼ਧਾਰ ਹਥਿਆਰਾਂ ਨਾਲ ਆਪਸ ਵਿੱਚ ਭਿੜ ਗਈਆਂ। ਇਸ ਝੜਪ ਵਿੱਚ ਵਿੱਚ ਦੋਵੇਂ ਧਿਰਾਂ ਦੇ ਕਰੀਬ 10 ਤੋਂ 12 ਵਿਅਕਤੀ ਜ਼ਖ਼ਮੀ ਹੋਏ ਹਨ।
Ludhiana News: ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਧਿਰਾਂ ਤੇਜ਼ਧਾਰ ਹਥਿਆਰਾਂ ਨਾਲ ਆਪਸ ਵਿੱਚ ਭਿੜ ਗਈਆਂ। ਇਸ ਝੜਪ ਵਿੱਚ ਵਿੱਚ ਦੋਵੇਂ ਧਿਰਾਂ ਦੇ ਕਰੀਬ 10 ਤੋਂ 12 ਵਿਅਕਤੀ ਜ਼ਖ਼ਮੀ ਹੋਏ ਹਨ। ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਲੜਾਈ ਦੌਰਾਨ ਇਲਾਕੇ ਵਿੱਚ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਇਸ ਬਾਰੇ ਇੱਕ ਧਿਰ ਦੇ ਰਜਿੰਦਰ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਇਲਾਕੇ ਵਿੱਚ ਕੁਝ ਬੱਚੇ ਆਪਸ ਵਿੱਚ ਲੜ ਰਹੇ ਸਨ। ਉਹ ਉਨ੍ਹਾਂ ਬੱਚਿਆਂ ਦੀ ਲੜਾਈ ਨੂੰ ਰੋਕਣ ਲਈ ਗਏ ਸੀ ਪਰ ਬੱਚਿਆਂ ਦੇ ਵਾਰਿਸਾਂ ਨੇ ਇਸ ਨੂੰ ਗਲਤ ਸਮਝ ਲਿਆ। ਇਸ ਦੌਰਾਨ ਲੜ ਰਹੇ ਬੱਚਿਆਂ ਵਿੱਚੋਂ ਇੱਕ ਦੇ ਪਰਿਵਾਰ ਦੀ ਔਰਤ ਦੀ ਲੜਾਈ ਦੇ ਤਣਾਓ ਕਾਰਨ ਮੌਤ ਹੋ ਗਈ। ਇਸ ਰੰਜਿਸ਼ ਕਾਰਨ ਉਕਤ ਵਿਅਕਤੀਆਂ ਨੇ ਐਤਵਾਰ ਨੂੰ ਕੁਝ ਨੌਜਵਾਨਾਂ ਨੂੰ ਇਲਾਕੇ 'ਚ ਬੁਲਾ ਕੇ ਕਾਫੀ ਹੰਗਾਮਾ ਕੀਤਾ।
ਰਜਿੰਦਰ ਅਨੁਸਾਰ 35 ਤੋਂ 40 ਲੋਕ ਕਾਰਾਂ ਵਿੱਚ ਉਨ੍ਹਾਂ ਦੇ ਇਲਾਕੇ ਵਿੱਚ ਦਾਖਲ ਹੋਏ ਤੇ ਲੜਾਈ ਸ਼ੁਰੂ ਕਰ ਦਿੱਤੀ। ਹਮਲਾਵਰਾਂ ਦੀ ਅਗਵਾਈ ਪ੍ਰਿੰਕਲ ਨਾਂ ਦੇ ਨੌਜਵਾਨ ਕਰ ਰਿਹਾ ਸੀ। ਉਸ ਦੇ ਨਾਲ ਇੱਕ ਸੁਰੱਖਿਆ ਕਰਮਚਾਰੀ ਵੀ ਮੌਜੂਦ ਸੀ। ਨੌਜਵਾਨਾਂ ਵੱਲੋਂ ਕੀਤੀ ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਰਜਿੰਦਰ ਸਿੰਘ ਅਨੁਸਾਰ ਉਸ ਦੇ ਪਰਿਵਾਰਕ ਮੈਂਬਰ ਜਸਪ੍ਰੀਤ ਸਿੰਘ, ਸੰਦੀਪ ਸਿੰਘ, ਜਸ਼ਨਦੀਪ, ਗੁਰਵਿੰਦਰ ਸਿੰਘ ਤੇ ਚਰਨਜੀਤ ਕੌਰ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਘਰ ਦੀ ਛੱਤ 'ਤੇ ਚੜ੍ਹ ਕੇ ਆਪਣੀ ਜਾਨ ਬਚਾਈ।
ਦੂਜੇ ਪਾਸੇ ਜ਼ਖਮੀ ਹਰਪ੍ਰੀਤ ਸਿੰਘ, ਮਨਪ੍ਰੀਤ ਕੌਰ, ਇਸ਼ਪ੍ਰੀਤ ਸਿੰਘ, ਚਰਨਜੀਤ ਸੇਠੀ, ਪਾਰਸ ਤੇ ਅਰੁਣ ਹਨ। ਮਨਪ੍ਰੀਤ ਕੌਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਕਰੀਬ 10 ਤੋਂ 15 ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਹ ਤੇ ਉਸ ਦਾ ਪੁੱਤਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਉਨ੍ਹਾਂ ਨੇ ਇਲਾਕਾ ਪੁਲਿਸ ਨੂੰ ਸੂਚਨਾ ਦਿੱਤੀ। ਇਸ ਮਾਮਲੇ 'ਚ ਐਤਵਾਰ ਨੂੰ ਥਾਣੇ 'ਚ ਸੁਣਵਾਈ ਹੋਈ। ਇਸ ਦੌਰਾਨ ਗੁਆਂਢੀਆਂ ਨੇ ਫਿਰ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪੁਲਿਸ ਵੱਲੋਂ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਪ੍ਰਿੰਕਲ ਨੇ ਕਿਹਾ ਕਿ ਉਸ ਦਾ ਇਸ ਝਗੜੇ ਨਾਲ ਕੋਈ ਲੈਣਾ-ਦੇਣਾ ਨਹੀਂ। ਉਹ ਚਰਨਜੀਤ ਸੇਠੀ ਨਾਲ ਮਾਮਲੇ ਦੇ ਨਿਪਟਾਰੇ ਲਈ ਥਾਣੇ ਜਾ ਰਹੇ ਸਨ। ਇਸ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਝੜਪ ਤੋਂ ਬਾਹਰ ਕੱਢ ਲਿਆ। ਪ੍ਰਿੰਕਲ ਅਨੁਸਾਰ ਪੁਲਿਸ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕਾਰਵਾਈ ਕਰਨੀ ਚਾਹੀਦੀ ਹੈ।