Ludhiana News: ਮਾਛੀਵਾੜਾ ਸਾਹਿਬ ਦੇ ਝਾੜ ਸਾਹਿਬ ਇਲਾਕੇ ਵਿੱਚ ਕੋਲਡ ਸਟੋਰ ਵਿੱਚ ਕੰਮ ਕਰਦੇ ਇੱਕ ਚੌਕੀਦਾਰ ਤੇ ਔਰਤ ਦੀਆਂ ਲਾਸ਼ਾਂ ਕਮਰੇ ਵਿੱਚੋਂ ਬਰਾਮਦ ਹੋਈਆਂ ਹਨ। ਦੋਵੇਂ ਲਾਸ਼ਾਂ ਨਗਨ ਹਾਲਤ ਵਿੱਚ ਹੋਣ ਕਰਕੇ ਮਾਮਲਾ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ। ਕਮਰੇ ਵਿੱਚ ਅੰਗੀਠੀ ਵੀ ਬਲ ਰਹੀ ਸੀ ਜਿਸ ਕਰਕੇ ਸ਼ੱਕ ਹੈ ਕਿ ਅੰਗੀਠੀ ਦੀ ਗੈਸ ਚੜ੍ਹਨ ਨਾਲ ਦੋਵਾਂ ਦੀ ਮੌਤ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਝਾੜ ਸਾਹਿਬ ਵਿਖੇ ਸੋਹੀ ਕੋਲਡ ਸਟੋਰ ਵਿੱਚ ਚੌਕੀਦਾਰ ਦਾ ਕੰਮ ਕਰਦਾ ਜਸਵੀਰ ਸਿੰਘ (50) ਵਾਸੀ ਬਹਿਲੋਲਪੁਰ ਤੇ ਉਸ ਦੀ ਪ੍ਰੇਮਿਕਾ ਬਲਵਿੰਦਰ ਕੌਰ ਵਾਸੀ ਨਾਨੋਵਾਲ ਦੀਆਂ ਕਮਰੇ ਅੰਦਰ ਨਗਨ ਹਾਲਤ ਵਿੱਚ ਲਾਸ਼ਾਂ ਮਿਲੀਆਂ ਹਨ। ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਨੇੜੇ ਬਲਦੀ ਅੰਗੀਠੀ ਤੋਂ ਗੈਸ ਚੜ੍ਹਨ ਕਾਰਨ ਹੋਈ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਸੋਹੀ ਕੋਲਡ ਸਟੋਰ ਵਿੱਚ ਚੌਕੀਦਾਰ ਵਜੋਂ ਕੰਮ ਕਰਦਾ ਸੀ ਤੇ ਨਾਲ ਹੀ ਬਣੇ ਕਮਰੇ ਵਿੱਚ ਰਹਿੰਦਾ ਸੀ। ਨੇੜਲੇ ਪਿੰਡ ਨਾਨੋਵਾਲ ਦੀ ਬਲਵਿੰਦਰ ਕੌਰ ਵੀ ਕੋਲਡ ਸਟੋਰ ਵਿੱਚ ਕੰਮ ਕਰਨ ਆਉਂਦੀ ਸੀ। ਉਸ ਦੇ ਜਸਵੀਰ ਸਿੰਘ ਨਾਲ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਨਾਜਾਇਜ਼ ਸਬੰਧ ਸਨ।


ਇਸ ਘਟਨਾ ਬਾਰੇ ਤੁਰੰਤ ਸੋਹੀ ਕੋਲਡ ਸਟੋਰ ਦੇ ਮਾਲਕ ਨਾਇਬ ਸਿੰਘ ਨੂੰ ਸੂਚਿਤ ਕੀਤਾ ਗਿਆ। ਨਾਇਬ ਸਿੰਘ ਵੱਲੋਂ ਤੁਰੰਤ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਿਸ ’ਤੇ ਤੁਰੰਤ ਥਾਣਾ ਮੁਖੀ ਦਵਿੰਦਰਪਾਲ ਸਿੰਘ, ਚੌਕੀ ਇੰਚਾਰਜ਼ ਪ੍ਰਮੋਦ ਕੁਮਾਰ ਮੌਕੇ ’ਤੇ ਪੁੱਜੇ ਜਿਨ੍ਹਾਂ ਨੇ ਕਮਰੇ ਦੀ ਖਿੜਕੀ ਖੋਲ੍ਹ ਕੇ ਦੇਖਿਆ ਤਾਂ ਅੰਦਰ ਜਸਵੀਰ ਸਿੰਘ ਤੇ ਬਲਵਿੰਦਰ ਕੌਰ ਦੀਆਂ ਲਾਸ਼ਾਂ ਨਗਨ ਹਾਲਤ ਵਿਚ ਪਈਆਂ ਸਨ।


ਮ੍ਰਿਤਕ ਚੌਕੀਦਾਰ ਜਸਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਪਿਤਾ ਦਾ ਕਤਲ ਕੀਤਾ ਗਿਆ ਹੈ। ਉਸ ਨੇ ਦੋਸ਼ ਲਗਾਏ ਕਿ ਇਸ ਕੋਲਡ ਸਟੋਰ ਵਿੱਚ ਬਹੁਤ ਗਲਤ ਕੰਮ ਹੁੰਦੇ ਹਨ। ਇਸ ਸਾਰੇ ਮਾਮਲੇ ਦੀ ਪੁਲਿਸ ਬਰੀਕੀ ਨਾਲ ਜਾਂਚ ਕਰੇ। ਦੂਜੇ ਪਾਸੇ ਕੋਲਡ ਸਟੋਰ ਦੇ ਮਾਲਕ ਨਾਇਬ ਸਿੰਘ ਨੇ ਉਕਤ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਦੇ ਚੌਕੀਦਾਰ ਜਸਵੀਰ ਸਿੰਘ ਦੀ ਮੌਤ ਦੀ ਜਾਂਚ ਪੁਲਿਸ ਨਿਰਪੱਖ ਢੰਗ ਨਾਲ ਕਰੇ ਤੇ ਪੋਸਟ ਮਾਰਟਮ ਤੋਂ ਬਾਅਦ ਰਿਪੋਰਟ ਵਿੱਚ ਸਾਰੇ ਤੱਥ ਸਾਹਮਣੇ ਆ ਜਾਣਗੇ।


ਮਾਛੀਵਾੜਾ ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਮਰਾ ਖੋਲ੍ਹਣ ਤੋਂ ਬਾਅਦ ਜੋ ਮੌਕੇ ਦੇ ਹਾਲਾਤ ਦੇਖੇ ਗਏ ਤਾਂ ਉਸ ਤੋਂ ਇਹ ਜਾਪ ਰਿਹਾ ਸੀ ਕਿ ਕਮਰੇ ’ਚ ਬਲਦੀ ਅੰਗੀਠੀ ਦੀ ਗੈਸ ਨਾਲ ਉਨ੍ਹਾਂ ਦੋਵਾਂ ਦਾ ਦਮ ਘੁੱਟਣ ਕਾਰਨ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਜਸਵੀਰ ਸਿੰਘ ਦੀ ਲਾਸ਼ ਮੰਜੇ ’ਤੇ ਪਈ ਜਦਕਿ ਬਲਵਿੰਦਰ ਕੌਰ ਦੀ ਲਾਸ਼ ਹੇਠਾਂ ਗਿਰੀ ਹੋਈ ਸੀ।


ਇਹ ਵੀ ਪੜ੍ਹੋ: Viral Video: ਜਪਾਨੀ ਕੁੜੀ 'ਤੇ ਚੜ੍ਹਿਆ ਦੀਪਿਕਾ ਦੇ 'ਬੇਸ਼ਰਮ ਰੰਗ' ਗੀਤ ਦਾ ਨਸ਼ਾ, ਜਬਰਦਸਤ ਡਾਂਸ ਮੂਵ ਨਾਲ ਉਡਾਇਆ ਹੋਸ਼


ਇਸ ਤੋਂ ਇਲਾਵਾ ਮ੍ਰਿਤਕ ਜਸਵੀਰ ਸਿੰਘ ਦੇ ਪੈਰ ਵੀ ਸੜੇ ਹੋਏ ਸਨ ਤੇ ਅੰਗੀਠੀ ਤੋਂ ਕੰਬਲ ਨੂੰ ਅੱਗ ਲੱਗੀ ਦਿਖਾਈ ਦਿੱਤੀ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਤੇ ਕਮਰੇ ਨੂੰ ਸੀਲ ਕਰ ਦਿੱਤਾ ਗਿਆ ਤਾਂ ਜੋ ਫੋਰੈਂਸਿਕ ਜਾਂਚ ਵਿਚ ਮੌਤ ਦੇ ਅਸਲ ਕਾਰਨ ਕੀ ਹਨ।