ਲੁਧਿਆਣੇ ‘ਚ DIG ਦੇ ਸੁਰੱਖਿਆਕਰਮੀ ‘ਤੇ ਕਾਤਲਾਨਾ ਹਮਲਾ; ਦੁੱਧ ਵੇਚਣ ਵਾਲੇ ਤੇ ਉਸਦੇ ਸਾਥੀਆਂ ਵੱਲੋਂ ਤੇਜ਼ਦਾਰ ਹਥਿਆਰ ਤੇ ਡੱਬਿਆਂ ਨਾਲ ਕੀਤਾ ਵਾਰ, ਇਲਾਕੇ 'ਚ ਡਰ ਦਾ ਮਾਹੌਲ
ਲੁਧਿਆਣਾ ਰੇਂਜ ਦੇ DIG ਸਤਿੰਦਰ ਸਿੰਘ ਦੀ ਸੁਰੱਖਿਆ ‘ਚ ਤੈਨਾਤ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ‘ਤੇ ਇੱਕ ਦੁੱਧ ਵੇਚਣ ਵਾਲੇ, ਉਸਦੇ ਪਿਤਾ ਅਤੇ ਤਿੰਨ ਸਾਥੀਆਂ ਨੇ ਧਾਰਦਾਰ ਹਥਿਆਰਾਂ ਅਤੇ ਦੁੱਧ ਵਾਲੇ ਐਲੂਮਿਨਿਯਮ ਦੇ ਡੱਬਿਆਂ ਨਾਲ ਕਾਤਲਾਨਾ

ਪੰਜਾਬ ਦੇ ਲੁਧਿਆਣਾ ਰੇਂਜ ਦੇ DIG ਸਤਿੰਦਰ ਸਿੰਘ ਦੀ ਸੁਰੱਖਿਆ ‘ਚ ਤੈਨਾਤ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ‘ਤੇ ਇੱਕ ਦੁੱਧ ਵੇਚਣ ਵਾਲੇ, ਉਸਦੇ ਪਿਤਾ ਅਤੇ ਤਿੰਨ ਸਾਥੀਆਂ ਨੇ ਧਾਰਦਾਰ ਹਥਿਆਰਾਂ ਅਤੇ ਦੁੱਧ ਵਾਲੇ ਐਲੂਮਿਨਿਯਮ ਦੇ ਡੱਬਿਆਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ। ਇਹ ਘਟਨਾ ਮੱਤੇਵਾਲਾ ਪਿੰਡ ‘ਚ ਰੋਡ ਰੇਜ ਤੋਂ ਬਾਅਦ ਵਾਪਰੀ।
ਪੀੜਤ ਕਾਂਸਟੇਬਲ ਦੇ ਸਿਰ ਅਤੇ ਰੀੜ੍ਹ ਦੀ ਹੱਡੀ ‘ਚ ਗੰਭੀਰ ਸੱਟਾਂ ਆਈਆਂ ਹਨ। ਉਸਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਅਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਕਾਂਸਟੇਬਲ ਦੇ ਬਿਆਨ ‘ਤੇ ਕੇਸ ਦਰਜ
ਆਰੋਪੀਆਂ ਦੀ ਪਹਿਚਾਣ ਪਿੰਡ ਗੜ੍ਹੀ ਫ਼ਜ਼ਲ ਦੇ ਸਿਮਰਨਜੀਤ ਸਿੰਘ, ਉਸਦੇ ਪਿਤਾ ਭਗਵਾਨ ਸਿੰਘ ਅਤੇ ਤਿੰਨ ਅਣਪਛਾਤੇ ਸਾਥੀਆਂ ਵਜੋਂ ਹੋਈ ਹੈ। ਸਾਰੇ ਅਜੇ ਫ਼ਰਾਰ ਹਨ। ਪੁਲਿਸ ਕਾਲੋਨੀ ਜਮਾਲਪੁਰ ਵਿੱਚ ਰਹਿੰਦੇ 30 ਸਾਲਾ ਕਾਂਸਟੇਬਲ ਗਗਨਦੀਪ ਸਿੰਘ ਦੇ ਬਿਆਨ ‘ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
13 ਨਵੰਬਰ ਨੂੰ ਹੋਇਆ ਸੀ ਹਮਲਾ
ਆਪਣੀ ਸ਼ਿਕਾਇਤ ਵਿੱਚ ਗਗਨਦੀਪ ਸਿੰਘ ਨੇ ਦੱਸਿਆ ਕਿ 13 ਨਵੰਬਰ ਨੂੰ ਦਿਨ ਦਾ ਕੰਮ ਮੁਕਾਉਣ ਤੋਂ ਬਾਅਦ ਉਹ ਆਪਣੇ ਦੋਸਤਾਂ ਪ੍ਰਤਾਪ ਸਿੰਘ (ਪਿੰਡ ਕਡਿਆਣਾ), ਜਸਪ੍ਰੀਤ ਸਿੰਘ ਉਰਫ਼ ਹੈੱਪੀ (ਪਿੰਡ ਖਾਸੀ ਖੁਰਦ) ਅਤੇ ਤੁਸ਼ਾਰ ਨਾਲ ਮਾਰੂਤੀ ਸੁਜ਼ੁਕੀ ਸਵਿਫਟ ਕਾਰ ‘ਚ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਸੱਤਾ ਬਲਾਚੌਰ ਜਾਣ ਲਈ ਨਿਕਲੇ ਸਨ। ਉਸਦਾ ਦੋਸਤ ਪ੍ਰਤਾਪ ਸਿੰਘ ਇੱਕ ਪੁਰਾਣੀ ਕਾਰ ਖਰੀਦਣਾ ਚਾਹੁੰਦਾ ਸੀ ਅਤੇ ਉਹ ਸਭ ਉਸੇ ਨੂੰ ਵੇਖਣ ਲਈ ਬਲਾਚੌਰ ਜਾ ਰਹੇ ਸਨ।
ਆਰੋਪੀ ਦੀ ਬਾਈਕ ਨੂੰ ਛੂਹ ਕੇ ਨਿਕਲੀ ਸੀ ਕਾਰ, ਇਸ ਕਰਕੇ ਕੀਤਾ ਹਮਲਾ
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਜਦੋਂ ਉਹ ਮੱਤੇਵਾੜਾ ‘ਚ ਗੜ੍ਹੀ ਫਜ਼ਲ ਰੋਡ ‘ਤੇ ਪਹੁੰਚੇ ਤਾਂ ਕਾਰ ਹੌਲੇ ਨਾਲ ਸਿਮਰਨਜੀਤ ਸਿੰਘ ਦੀ ਬਾਈਕ ਨਾਲ ਛੂਹ ਗਈ। ਉਸ ਬਾਈਕ ‘ਤੇ ਦੁੱਧ ਦੇ ਐਲੂਮੀਨੀਅਮ ਦੇ ਡਿੱਬੇ ਲੱਦੇ ਹੋਏ ਸਨ ਅਤੇ ਉਹ ਉਲਟੀ ਦਿਸ਼ਾ ਤੋਂ ਆ ਰਿਹਾ ਸੀ। ਇਸ ‘ਤੇ ਸਿਮਰਨਜੀਤ ਸਿੰਘ ਨੇ ਉਨ੍ਹਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਆਪਣੇ ਪਿਤਾ ਤੇ ਸਾਥੀਆਂ ਨੂੰ ਵੀ ਬੁਲਾ ਲਿਆ।
ਤੇਜ਼ਦਾਰ ਹਥਿਆਰਾਂ ਨਾਲ ਕੀਤਾ ਹਮਲਾ
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਧਾਰਦਾਰ ਹਥਿਆਰਾਂ ਨਾਲ ਲੈਸ ਆਰੋਪੀਆਂ ਨੇ ਉਸ ‘ਤੇ ਧਾਵਾ ਕਰ ਦਿੱਤਾ। ਉਨ੍ਹਾਂ ਨੇ ਐਲੂਮੀਨੀਅਮ ਦੇ ਦੁੱਧ ਵਾਲੇ ਡਿੱਬਿਆਂ ਨਾਲ ਵੀ ਉਸ ‘ਤੇ ਵਾਰ ਕੀਤੇ ਅਤੇ ਉਸਨੂੰ ਗੰਭੀਰ ਤੌਰ ‘ਤੇ ਜਖ਼ਮੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਝਗੜੇ ਦੌਰਾਨ ਉਸਦੇ ਦੋਸਤਾਂ ਨੂੰ ਵੀ ਸੱਟਾਂ ਲੱਗੀਆਂ।
ਉਸਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਉਸਦੀ ਗੰਭੀਰ ਹਾਲਤ ਦੇ ਚਲਦੇ ਡਾਕਟਰਾਂ ਨੇ ਉਸਨੂੰ ਨਿਊਰੋ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਉਹ ਘੱਟੋ-ਘੱਟ ਸੱਤ ਦਿਨ ਤੱਕ ਬੇਹੋਸ਼ ਰਿਹਾ।
ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ
ਪੁਲਿਸ ਥਾਣਾ ਮਹਿਰਬਾਨ ਦੇ SHO ਇੰਸਪੈਕਟਰ ਜਗਦੇਵ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਆਰੋਪੀਆਂ ਖ਼ਿਲਾਫ਼ BNS ਦੀ ਧਾਰਾ 115(2) (ਜਾਣਬੂਝ ਕੇ ਸੱਟ ਮਾਰਨਾ), 117(2) (ਜਾਣਬੂਝ ਕੇ ਸੱਟ ਪਹੁੰਚਾਉਣਾ), 109 (ਕਤਲ ਦੀ ਕੋਸ਼ਿਸ਼), 351(2) (ਆਪਰਾਧਿਕ ਧਮਕੀ), 351(3) (ਮੌਤ ਜਾਂ ਗੰਭੀਰ ਸੱਟ ਦੇਣ ਦੀ ਧਮਕੀ), 191(3) (ਦੰਗਾ) ਅਤੇ 190 (ਗੈਰਕਾਨੂੰਨੀ ਸਭਾ ਦੇ ਹਰ ਮੈਂਬਰ ਨੂੰ ਸਾਂਝੇ ਉਦੇਸ਼ ਤਹਿਤ ਕੀਤੇ ਗਏ ਕਿਸੇ ਅਪਰਾਧ ਲਈ ਦੋਸ਼ੀ ਮੰਨਿਆ ਜਾਵੇਗਾ) ਅਧੀਨ FIR ਦਰਜ ਕੀਤੀ ਗਈ ਹੈ। ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।






















