Ludhiana News: ਖੰਨਾ ਦੇ ਪਿੰਡ ਘੁਡਾਣੀ ਕਲਾਂ ਦੇ ਨੇੜੇ ਇੱਕ ਸੜਕ ਹਾਦਸੇ ਵਿੱਛ ਬਜ਼ੁਰਗ ਜੋੜੀ ਦੀ ਮੌਤ ਹੋ ਗਈ। ਦੋਵੇਂ ਆਪਣੀ ਵਿਆਹ ਦੀ ਵਰ੍ਹੇਗੰਢ ਮੌਕੇ ਮੱਥਾ ਟੇਕਣ ਲਈ ਗੁਰਦੁਆਰਾ ਰਾੜਾ ਸਾਹਿਬ ਜਾ ਰਹੇ ਸੀ। ਇਸ ਦੌਰਾਨ ਰਾਹ ਵਿੱਚ ਸਕਾਰਪੀਓ ਨੇ ਸਕੂਟਰੀ ਨੇ ਟੱਕਰ ਮਾਰ ਦਿੱਤੀ। ਇਸ ਮੌਕੇ ਪਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂ ਕਿ ਪਤਨੀ ਨੇ ਲੁਧਿਆਣਾ ਦੇ ਡੀਐਮਸੀ ਵਿੱਚ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਜਰਨੈਲਸਿੰਘ ਕੈਂਥ ਤੇ ਰਾਜਵਿੰਦਰ ਕੌਰ ਵਾਸੀ ਬੀਜਾ ਦੇ ਤੌਰ ਉੱਤੇ ਹੋਈ ਹੈ।


ਦਰਅਸਲ, ਸਵੇਰੇ ਕਰੀਬ 10 ਵਜੇ ਪਿੰਡ ਬੀਜਾ ਵਾਸੀ ਜਰਨੈਲ ਸਿੰਘ ਘਰ ਤੋਂ ਪਤਨੀ ਰਾਜਵਿੰਦ ਕੌਰ ਨਾਲ ਸਕੂਟਰੀ ਉੱਤੇ ਨਿਕਲੇ ਸਨ, ਇਸ ਦੌਰਾਨ ਉਹ ਗੁਰਦੁਆਰਾ ਰਾੜਾ ਸਾਹਿਬ ਵਿੱਚ ਨਤਮਸਤਕ ਹੋਣ ਲਈ ਜਾ ਰਹੇ ਸਨ। ਇਸ ਮੌਕੇ ਘੁੜਾਣੀ ਕਲਾਂ ਦੇ ਨੇੜੇ ਸਾਹਮਣੇ ਤੋਂ ਤੇਜ਼ ਰਫ਼ਤਾਰ ਆ ਰਹੀ ਸਕਾਰਪੀਓ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਜਰਨੈਲ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਦੌਰਾਨ ਉਨ੍ਹਾਂ ਦੀ ਪਤਨੀ ਰਾਜਵਿੰਦਰ ਕੌਰ ਨੂੰ ਜ਼ਖ਼ਮੀ ਹਾਲਤ ਵਿੱਚ ਸਥਾਨਕ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਿੱਥੇ ਡੀਐਮਸੀ ਵਿੱਚ ਉਨ੍ਹਾਂ ਦੀ ਮੌਤ ਹੋ ਗਈ।


ਜਾਣਕਾਰੀ ਮੁਤਾਬਕ, ਜਰਨੈਲ ਸਿੰਘ ਪਿਛਲੇ ਕਾਫੀ ਸਮੇਂ ਤੋਂ ਬੀਜਾ ਦੇ ਸਮਰਾਲਾ ਰੋਡ 'ਤੇ ਦਰਜ਼ੀ ਦਾ ਕੰਮ ਕਰਦਾ ਸੀ। ਉਸ ਦਾ ਲੜਕਾ ਗੁਰਸੇਵਕ ਸਿੰਘ ਕਰੀਬ ਛੇ ਮਹੀਨੇ ਪਹਿਲਾਂ ਕੈਨੇਡਾ ਗਿਆ ਸੀ। ਦੋ ਧੀਆਂ ਵਿਆਹੀਆਂ ਹੋਈਆਂ ਹਨ। ਸਵੇਰੇ ਬੇਟੇ ਨੇ ਫ਼ੋਨ 'ਤੇ ਆਪਣੇ ਮਾਪਿਆਂ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਜਿਸ ਤੋਂ ਬਾਅਦ ਗੁਰਸੇਵਕ ਸੌਂ ਗਿਆ ਅਤੇ ਜਰਨੈਲ ਸਿੰਘ ਆਪਣੀ ਪਤਨੀ ਸਮੇਤ ਸਕੂਟਰ 'ਤੇ ਸਵਾਰ ਹੋ ਕੇ ਨਿਕਲ ਗਿਆ। ਇਹ ਉਸ ਦੀ ਆਪਣੇ ਪੁੱਤਰ ਨਾਲ ਆਖਰੀ ਵਾਰਤਾਲਾਪ ਸੀ। ਦੋਵਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ 'ਚ ਰਖਵਾ ਦਿੱਤਾ ਗਿਆ ਹੈ। 


ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ 


ਇਸ ਹਾਦਸੇ ਸਬੰਧੀ ਥਾਣਾ ਪਾਇਲ ਵਿੱਚ ਸਕਾਰਪੀਓ ਚਾਲਕ ਸੰਦੀਪ ਸਿੰਘ ਵਾਸੀ ਲੰਮੇ ਜੱਟਪੁਰਾ (ਜਗਰਾਉਂ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਐਸਐਚਓ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਫ਼ਰਾਰ ਹੈ, ਉਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।