ਲੁਧਿਆਣਾ ਦੇ ਬੇਕਰੀ ਗੋਦਾਮ 'ਚ ਧਮਾਕਾ, ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਲੱਗੀ ਅੱਗ
ਫਾਇਰ ਕਰਮੀਆਂ ਨੇ ਬੇਕਰੀ ਦੇ ਅੰਦਰੋਂ 3 ਦੇ ਕਰੀਬ ਸਿਲੰਡਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਲੋਕਾਂ ਨੇ ਇਲਾਕਾ ਪੁਲਿਸ ਨੂੰ ਵੀ ਸੂਚਿਤ ਕੀਤਾ ਪਰ ਇਲਾਕਾ ਪੁਲਸ ਘਟਨਾ ਵਾਲੀ ਥਾਂ 'ਤੇ ਨਹੀਂ ਪਹੁੰਚੀ।
ਲੁਧਿਆਣਾ ਦੇ ਗਣੇਸ਼ ਨਗਰ ਇਲਾਕੇ 'ਚ ਬੇਕਰੀ ਦੇ ਗੋਦਾਮ 'ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਗੋਦਾਮ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਗੋਦਾਮ ਵਿੱਚ ਪਏ ਤੇਲ ਦੇ ਟੀਨਾਂ ਕਾਰਨ ਅੱਗ ਨੇ ਵੱਡਾ ਰੂਪ ਧਾਰਨ ਕਰ ਲਿਆ। ਗੋਦਾਮ 'ਚ ਮਜ਼ਦੂਰ ਗੈਸ ਸਿਲੰਡਰ 'ਤੇ ਖਾਣਾ ਬਣਾ ਰਿਹਾ ਸੀ ਕਿ ਅਚਾਨਕ ਸਿਲੰਡਰ ਤੋਂ ਕੁਝ ਦੂਰੀ 'ਤੇ ਧਮਾਕਾ ਹੋ ਗਿਆ।ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਦੇ ਸਮੇਂ ਮੌਕੇ 'ਤੇ ਕੋਈ ਵੀ ਮੌਜੂਦ ਨਹੀਂ ਸੀ। ਅੱਗ ਲੱਗਣ ਕਾਰਨ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਕਈ ਕਿਲੋਮੀਟਰ ਦੂਰ ਤੋਂ ਵੀ ਧੂੰਏਂ ਦੇ ਬੱਦਲ ਦਿਖਾਈ ਦੇ ਰਹੇ ਸਨ।
ਜਾਣਕਾਰੀ ਦਿੰਦਿਆਂ ਬੇਕਰੀ ਮਾਲਕ ਦਿਲਸ਼ਾਦ ਅੰਸਾਰੀ ਨੇ ਦੱਸਿਆ ਕਿ ਉਸ ਦੀ ਗੋਦਾਮ ਦੇ ਬਾਹਰ ਦੁਕਾਨ ਹੈ। ਮਜ਼ਦੂਰ ਗੋਦਾਮ ਵਿੱਚ ਖਾਣਾ ਬਣਾ ਰਹੇ ਸਨ। ਅਚਾਨਕ ਧਮਾਕੇ ਦੀ ਆਵਾਜ਼ ਆਈ। ਇਸ ਦੌਰਾਨ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਜਿਸ ਥਾਂ 'ਤੇ ਬੇਕਰੀ ਚੱਲ ਰਹੀ ਸੀ, ਉੱਥੇ ਕੋਈ ਕਾਰੀਗਰ ਮੌਜੂਦ ਨਹੀਂ ਸੀ। ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ।
ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਘਟਨਾ ਵਾਲੀ ਥਾਂ 'ਤੇ ਫਾਇਰ ਅਫ਼ਸਰ ਰਜਿੰਦਰ ਕੁਮਾਰ ਨੇ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਫਾਇਰ ਕਰਮੀਆਂ ਨੇ ਬੇਕਰੀ ਦੇ ਅੰਦਰੋਂ 3 ਦੇ ਕਰੀਬ ਸਿਲੰਡਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਲੋਕਾਂ ਨੇ ਇਲਾਕਾ ਪੁਲਿਸ ਨੂੰ ਵੀ ਸੂਚਿਤ ਕੀਤਾ ਪਰ ਇਲਾਕਾ ਪੁਲਸ ਘਟਨਾ ਵਾਲੀ ਥਾਂ 'ਤੇ ਨਹੀਂ ਪਹੁੰਚੀ।
ਅੱਗ ਲੱਗਣ ਦੇ ਕਾਰਨਾਂ ਬਾਰੇ ਨਹੀਂ ਹੋਇਆ ਖ਼ੁਲਾਸਾ
ਗੱਲਬਾਤ ਕਰਦੇ ਹੋਏ ਫਾਇਰ ਬ੍ਰਿਗੇਡ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇੱਕ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ। ਤੇਲ ਜ਼ਿਆਦਾ ਹੋਣ ਕਾਰਨ ਅੱਗ ਫੈਲ ਗਈ।