Ludhiana News: ਕਾਂਗਰਸੀ ਲੀਡਰ ਗੁਰਸਿਮਰਨ ਮੰਡ ਆਪਣੀ ਸੁਰੱਖਿਆ ਤੋਂ ਬੇਹੱਦ ਤੰਗ ਆ ਗਏ ਹਨ। ਉਹ ਲਗਾਤਾਰ ਇਲਜ਼ਾਮ ਲਾ ਰਹੇ ਹਨ ਕਿ ਉਨ੍ਹਾਂ ਨੂੰ ਘਰ ਅੰਦਰ ਹੀ ਨਜ਼ਰਬੰਦ ਕੀਤਾ ਹੋਇਆ ਹੈ। ਐਤਵਾਰ ਨੂੰ ਤਾਂ ਉਨ੍ਹਾਂ ਨੇ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਮੁਲਾਜ਼ਮਾਂ ਨੇ ਫੜ ਨੇ ਮੁੜ ਘਰ ਭੇਜ ਦਿੱਤਾ।
ਹਾਸਲ ਜਾਣਕਾਰੀ ਮੁਤਾਬਕ ਐਤਵਾਰ ਨੂੰ ਨਜ਼ਰਬੰਦੀ ਤੋਂ ਪ੍ਰੇਸ਼ਾਨ ਹੋ ਕੇ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਮੰਡ ਸੁਰੱਖਿਆ ਕਰਮੀਆਂ ਨੂੰ ਛੱਡ ਕੇ ਘਰੋਂ ਬਾਹਰ ਨਿਕਲ ਆਏ। ਜਦੋਂ ਉਨ੍ਹਾਂ ਦੇ ਸੁਰੱਖਿਆ ਅਧਿਕਾਰੀ ਨੇ ਜਿਪਸੀ ਨਾਲ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸੜਕ ’ਤੇ ਲੰਬਾ ਪੈ ਗਏ। ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਜਬਰੀ ਚੁੱਕ ਕੇ ਇੱਕ ਪਾਸੇ ਬਿਠਾਇਆ ਤੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਪੁਲਿਸ ’ਤੇ ਗੰਭੀਰ ਦੋਸ਼ ਲਗਾਉਂਦਿਆਂ ਮੁਰਦਾਬਾਦ ਦੇ ਨਾਅਰੇ ਲਗਾਏ ਗਏ।
ਦੱਸ ਦਈਏ ਕਿ ਕੱਟੜਪੰਥੀਆਂ ਵੱਲੋਂ ਮਿਲੀਆਂ ਧਮਕੀਆਂ ਤੋਂ ਬਾਅਦ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਮੰਡ ਘਰ ਵਿੱਚ ਹੀ ਨਜ਼ਰਬੰਦ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਕੋਈ ਰਿਸਕ ਨਹੀਂ ਨਹੀਂ ਲੈਣਾ ਚਾਹੁੰਦੇ। ਸੁਰੱਖਿਆ ਲਈ ਘਰ ਅੰਦਰ ਰਹਿਣਾ ਹੀ ਸਹੀ ਹੈ।
ਮੰਡ ਦਾ ਕਹਿਣਾ ਹੈ ਕਿ ਉਹ ਲੁਧਿਆਣਾ ਪੁਲਿਸ ਤੋਂ ਪ੍ਰੇਸ਼ਾਨ ਹੋ ਕੇ ਲੁਧਿਆਣਾ ਦਿਹਾਤੀ ਹਲਕੇ ਵਿੱਚ ਆਪਣਾ ਰੈਣ ਬਸੇਰਾ ਕਰਨ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੂੰ ਪੁਲਿਸ ਵੱਲੋਂ ਗ਼ੈਰਕਨੂੰਨੀ ਨਜ਼ਰਬੰਦੀ ਅਧੀਨ ਰੱਖਿਆ ਹੋਇਆ ਹੈ। ਉਹ ਘਰੋਂ ਬਾਹਰ ਨਹੀਂ ਜਾ ਸਕਦੇ ਤੇ ਨਾ ਹੀ ਉਨ੍ਹਾਂ ਨੂੰ ਕਾਰੋਬਾਰ ਕਰਨ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਉਹ ਭਾਰੀ ਆਰਥਿਕ ਸੰਕਟ ਵਿੱਚ ਫਸੇ ਹੋਏ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਉਸ ਨੂੰ ਮਿੱਠਾ ਜ਼ਹਿਰ ਦੇ ਕੇ ਮਾਰਿਆ ਜਾ ਰਿਹਾ ਹੈ ਤੇ ਤਾਇਨਾਤ ਕੀਤੇ ਸੁਰੱਖਿਆ ਕਰਮੀ ਵੀ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਇੱਕ ਮਿੱਤਰ ਦੇ ਭੋਗ ’ਤੇ ਜਾਣਾ ਚਾਹੁੰਦੇ ਸਨ ਪਰ ਸੁਰੱਖਿਆ ਅਧਿਕਾਰੀ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕੋਈ ਉੱਚ ਅਧਿਕਾਰੀ ਵੀ ਉਸ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ।
ਜ਼ਿਕਰਯੋਗ ਹੈ ਕਿ ਰਾਜੀਵ ਗਾਂਧੀ ਦੇ ਬੁੱਤ ਉੱਪਰ ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਲਗਾਈ ਗਈ ਕਾਲਖ ਨੂੰ ਗੁਰਸਿਮਰਨ ਸਿੰਘ ਮੰਡ ਵੱਲੋਂ ਆਪਣੀ ਦਸਤਾਰ ਨਾਲ ਸਾਫ਼ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਆਏ ਸਨ। ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਤੇ ਉਸ ਤੋਂ ਬਾਅਦ ਕੱਟੜਪੰਥੀਆਂ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ।
ਸੋਸ਼ਲ ਮੀਡੀਆ ’ਤੇ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਹੱਕ ਵਿੱਚ ਵੀ ਆਵਾਜ਼ ਬੁਲੰਦ ਕੀਤੀ ਸੀ ਤੇ ਉਸ ਤੋਂ ਬਾਅਦ ਉਸ ਨੂੰ ਵਿਦੇਸ਼ਾਂ ਤੋਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ’ਤੇ ਜ਼ਿਲ੍ਹਾ ਪੁਲਿਸ ਵੱਲੋਂ ਭਾਰੀ ਸੁਰੱਖਿਆ ਦੇ ਕੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ। ਪੁਲੀਸ ਵੱਲੋਂ ਉਸ ਦੇ ਘਰ ਨੂੰ ਜਾਂਦੀ ਸੜਕ ਨੂੰ ਵੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। ਸੜਕ ’ਤੇ ਬੋਰੀਆਂ ਲਗਾ ਕੇ ਬੰਕਰ ਵੀ ਬਣਾਏ ਹੋਏ ਹਨ ਜਿਸ ਕਾਰਨ ਇਲਾਕੇ ਦੇ ਲੋਕ ਵੀ ਪ੍ਰੇਸ਼ਾਨ ਹਨ।