Ludhiana News: ਜਗਰਾਓਂ ਤੋਂ ਕੈਨੇਡਾ ਆਪਣੀ ਧੀ ਨੂੰ ਮਿਲਣ ਆਏ ਇੱਕ ਵਿਅਕਤੀ ਨੇ ਉੱਥੇ ਪਹੁੰਚਣ ਦੇ 5 ਦਿਨਾਂ ਬਾਅਦ ਹੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਦੋਸ਼ੀ ਨੇ ਆਪਣੀ ਪਤਨੀ ਨੂੰ ਕੁੱਟਿਆ ਅਤੇ ਘਟਨਾ ਦੀ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਭੇਜਿਆ। ਘਟਨਾ ਦੀ ਸੂਚਨਾ ਮਿਲਦੇ ਹੀ ਕੈਨੇਡੀਅਨ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਮ੍ਰਿਤਕਾ ਦੀ ਪਛਾਣ ਬਲਵਿੰਦਰ ਕੌਰ ਵਾਸੀ ਪਿੰਡ ਮੱਲਾ ਜਗਰਾਉਂ ਵਜੋਂ ਹੋਈ ਹੈ।


ਇਸ ਮਾਮਲੇ ਸਬੰਧੀ ਮ੍ਰਿਤਕ ਦੇ ਪਿਤਾ ਹਿੰਮਤ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਬਲਵਿੰਦਰ ਕੌਰ (41) ਦਾ ਵਿਆਹ ਜਗਪ੍ਰੀਤ ਸਿੰਘ ਉਰਫ ਰਾਜੂ ਵਾਸੀ ਪੱਖਵਾਲ ਰੋਡ ਲੁਧਿਆਣਾ ਨਾਲ ਸਾਲ 2000 ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਸਹੁਰੇ ਵਾਲਿਆਂ ਨੇ ਦਾਜ ਦੀ ਮੰਗ ਕਰਕੇ ਬੇਟੀ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ 4 ਧੀਆਂ ਦਾ ਪਿਤਾ ਹੈ, ਜਿਸ ਕਾਰਨ ਉਹ ਧੀ ਦੇ ਸਹੁਰਿਆਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਿਆ। ਜੇ ਕਾਰਵਾਈ ਕੀਤੀ ਜਾਂਦੀ ਤਾਂ ਬਾਕੀ ਧੀਆਂ ਦੀ ਜਾਨ ਦਾਅ 'ਤੇ ਲੱਗ ਜਾਣੀ ਸੀ। ਇਸ ਕਰਕੇ ਉਹ ਚੁੱਪ ਰਿਹਾ। ਉਸ ਦੀ ਬੇਟੀ ਦੇ ਦੋ ਬੱਚੇ ਹਰਨੂਰਪ੍ਰੀਤ ਕੌਰ ਅਤੇ ਗੁਰਨੂਰ ਸਿੰਘ ਹਨ।


ਹਿੰਮਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੌਰ ਨੇ ਆਪਣੀ ਧੀ ਹਰਨੂਰਪ੍ਰੀਤ ਕੌਰ ਨੂੰ ਸਾਲ 2020 ਵਿੱਚ ਆਈਲੈਟਸ ਕਰਨ ਤੋਂ ਬਾਅਦ ਕੈਨੇਡਾ ਪੜ੍ਹਨ ਲਈ ਭੇਜਿਆ ਸੀ। ਜਨਵਰੀ 2022 ਵਿੱਚ ਬਲਵਿੰਦਰ ਆਪਣੀ ਧੀ ਨੂੰ ਮਿਲਣ ਕੈਨੇਡਾ ਗਈ ਸੀ। ਇਸ ਦੌਰਾਨ ਜਵਾਈ ਜਗਪ੍ਰੀਤ ਸਿੰਘ ਵਾਰ-ਵਾਰ ਬਲਵਿੰਦਰ ਨੂੰ ਫੋਨ ਕਰਦਾ ਰਿਹਾ ਅਤੇ ਉਸ ਨੂੰ ਜਲਦੀ ਕੈਨੇਡਾ ਬੁਲਾਉਣ ਦੀ ਜ਼ਿੱਦ ਕਰਨ ਲੱਗਾ। ਉਸ ਦੀ ਜ਼ਿੱਦ ਕਾਰਨ ਹਰਨੂਰਪ੍ਰੀਤ ਨੇ 11 ਮਾਰਚ 2024 ਨੂੰ ਆਪਣੇ ਪਿਤਾ ਜਗਪ੍ਰੀਤ ਸਿੰਘ ਨੂੰ ਕੈਨੇਡਾ ਬੁਲਾ ਲਿਆ।


ਹਿੰਮਤ ਨੇ ਦੱਸਿਆ ਕਿ ਕੈਨੇਡਾ ਪਹੁੰਚਣ ਦੇ 5 ਦਿਨ ਬਾਅਦ ਹੀ ਉਸ ਨੇ ਬਲਵਿੰਦਰ ਕੌਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਜਗਪ੍ਰੀਤ ਨੇ ਇਸ ਦੌਰਾਨ ਵੀਡੀਓ ਬਣਾ ਕੇ ਲੁਧਿਆਣਾ 'ਚ ਆਪਣੀ ਮਾਂ ਨੂੰ ਵੀ ਭੇਜ ਦਿੱਤੀ। ਜਦੋਂ ਉਸ ਦੇ ਬੇਟੇ ਗੁਰਨੂਰ ਸਿੰਘ (18) ਨੇ ਇਹ ਵੀਡੀਓ ਦੇਖੀ ਤਾਂ ਉਸ ਨੇ ਪਰਿਵਾਰ ਨੂੰ ਆਪਣੀ ਮਾਂ ਦੇ ਕਤਲ ਦੀ ਸੂਚਨਾ ਦਿੱਤੀ। ਹਿੰਮਤ ਨੇ ਦੱਸਿਆ ਕਿ ਜਗਪ੍ਰੀਤ ਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।