Ludhiana News: ਲੁਧਿਆਣਾ ਪੁਲਿਸ ਨੇ ਜਸਨੀਤ ਕੌਰ ਉਰਫ ਰਾਜਵੀਰ ਨਾਮ ਦੀ ਇੰਸਟਾਗ੍ਰਾਮ ਇੰਫਲੂਐਂਸਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਵੱਲੋਂ ਹੋਰ ਲੋਕਾਂ ਦੀ ਕੀਤੀ ਗਈ ਬਲੈਕਮੇਲਿੰਗ ਦਾ ਪਤਾ ਲਾਉਣ ਲਈ ਉਸ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਕ ਉਸ ਦੇ ਕਰੀਬ 2 ਲੱਖ ਫੌਲੋਅਰਸ ਦਾ ਪਤਾ ਲੱਗਾ ਹੈ। ਇਸ ਦੌਰਾਨ ਕਈ ਖੁਲਾਸੇ ਹੋ ਰਹੇ ਹਨ।


ਜਸਨੀਤ ਕੌਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਇੰਸਟਾਗ੍ਰਾਮ 'ਤੇ ਮਸ਼ਹੂਰ ਹੋਣਾ ਚਾਹੁੰਦੀ ਸੀ। ਪਹਿਲਾਂ ਉਹ ਸਾਧਾਰਨ ਵੀਡੀਓ ਪਾਉਂਦੀ ਸੀ ਪਰ ਉਸ ਨੂੰ ਫੌਲੋਅਰਜ਼ ਤੇ ਵਿਊਜ਼ ਨਹੀਂ ਮਿਲਦੇ ਸਨ। ਇਸ ਤੋਂ ਬਾਅਦ ਉਸ ਨੇ ਆਪਣੀ ਅਸ਼ਲੀਲ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਸ ਦੇ ਅਕਾਊਂਟ 'ਤੇ ਫੌਲੋਅਰਸ ਵਧਣ ਦੇ ਨਾਲ-ਨਾਲ ਵਿਊਜ਼ ਵੀ ਵਧਣ ਲੱਗੇ।


ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਜਸਨੀਤ ਕੌਰ ਦੀਆਂ ਅਸ਼ਲੀਲ ਵੀਡੀਓ ਦੇਖ ਕੇ ਉਸ ਨੂੰ ਮੈਸੇਜ ਆਉਂਦੇ ਸੀ ਜਾਂ ਉਹ ਖੁਦ ਹੀ ਲੋਕਾਂ ਦੀ ਪ੍ਰੋਫਾਈਲ ਚੈੱਕ ਕਰਨ ਤੋਂ ਬਾਅਦ ਮੈਸੇਜ ਭੇਜਦੀ ਸੀ। ਇਸ ਮਗਰੋਂ ਜਦੋਂ ਗੱਲਬਾਤ ਸ਼ੁਰੂ ਹੁੰਦੀ ਤਾਂ ਕੁਝ ਸਮੇਂ ਬਾਅਦ ਉਹ ਆਪਣੀਆਂ ਕੁਝ ਅਰਧ ਨਗਨ ਫੋਟੋਆਂ ਭੇਜਦੀ ਸੀ। ਚੈਟਿੰਗ ਚੱਲਦੀ ਰਹਿੰਦੀ ਤੇ ਫਿਰ ਉਸ ਦੇ ਰਿਕਾਰਡ ਦੇ ਸਕਰੀਨ ਸ਼ਾਟ ਲੈ ਕੇ ਬਲੈਕਮੇਲਿੰਗ ਦੀ ਖੇਡ ਸ਼ੁਰੂ ਕਰ ਦਿੰਦੀ।



ਮੁੱਢਲੀ ਪੁਲਿਸ ਜਾਂਚ ਅਨੁਸਾਰ ਜਸਨੀਤ ਕੌਰ ਨੇ 75 ਲੱਖ ਦੀ ਬੀਐਮਡਬਲਿਊ ਕਾਰ ਰੱਖੀ ਹੋਈ ਹੈ। ਇਸ ਲਈ ਪੁਲਿਸ ਉਸ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਉਸ ਦੀ ਕਾਲ ਡਿਟੇਲ 'ਤੇ ਵੀ ਕੰਮ ਕਰ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਹ ਇਹ ਕੰਮ ਕਾਫੀ ਸਮੇਂ ਤੋਂ ਕਰ ਰਹੀ ਹੈ। 


ਜਸਨੀਤ ਕੌਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਦੋ ਸਾਲਾਂ ਤੋਂ ਇੰਸਟਾਗ੍ਰਾਮ 'ਤੇ ਐਕਟਿਵ ਹੈ। ਉਸ ਨੇ ਦੱਸਿਆ ਕਿ ਅਸ਼ਲੀਲ ਵੀਡੀਓ ਕਾਰਨ ਵਿਊਜ਼ ਤਾਂ ਮਿਲ ਜਾਂਦੇ ਸੀ ਪਰ ਲੋਕ ਫੌਲੋ ਨਹੀਂ ਕਰਦੇ ਸੀ। ਇਸ ਲਈ ਉਸ ਨੇ 3 ਅਕਾਊਂਟ ਬਣਾਏ ਹੋਏ ਹਨ ਜਿਸ ਰਾਹੀਂ ਉਹ ਅਸ਼ਲੀਲ ਵੀਡੀਓਜ਼ ਪਾਉਂਦੀ ਸੀ।