Ludhiana News : ਲੁਧਿਆਣਾ ਸ਼ਹਿਰ ਵਿਚ ਚੱਲਣ ਵਾਲੀਆਂ ਇਹ ਸਿਟੀ ਬੱਸਾਂ ਲੁਧਿਆਣਾ ਦੇ ਹੰਬੜਾ ਰੋਡ 'ਤੇ ਇਕ ਗਡਾਊਨ ਦੇ ਵਿੱਚ ਕੰਡਮ ਹਾਲਤ ਦੇ ਵਿੱਚ ਖੜ੍ਹੀਆਂ ਹਨ ,ਜਿਸ ਨੂੰ ਲੈ ਕੇ ਲੋਕ ਇਨ੍ਹਾਂ ਬੱਸਾਂ ਦੇ ਚੱਲਣ ਦੀ ਉਡੀਕ ਕਰ ਰਹੇ ਨੇ ਤਾਂ ਦੂਜੇ ਪਾਸੇ ਸਿਆਸਤਦਾਨ ਵੀ ਇਕ ਦੂਸਰੇ ਤੇ ਠੀਕਰਾ ਭੰਨਦੇ ਹੋਏ ਨਜ਼ਰ ਆ ਰਹੇ ਹਨ। 


ਗੱਲ ਕੀਤੀ ਜਾਵੇ ਇਨ੍ਹਾਂ ਸਿਟੀ ਬੱਸਾਂ ਦੀ ਤਾਂ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਸ਼ਹਿਰ ਵਿਚ ਚੱਲਣ ਲਈ ਇਨ੍ਹਾਂ ਸਿਟੀ ਬੱਸਾਂ ਨੂੰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹਰੀ ਝੰਡੀ ਮਿਲੀ ਸੀ ,ਜਿਸ ਦੇ ਚੱਲਦਿਆਂ ਇਹ ਸਿਟੀ ਬੱਸਾਂ ਸ਼ਹਿਰ ਵਿਚ ਆਈਆਂ ਸਨ ਅਤੇ ਅਕਾਲੀ ਸਰਕਾਰ ਹੋਣ ਦੇ ਚਲਦਿਆਂ ਇਨ੍ਹਾਂ ਸਿਟੀ ਬੱਸਾਂ ਨੂੰ ਇਕ ਕੰਪਨੀ ਨੂੰ ਠੇਕੇ ਵਜੋਂ ਚਲਾਉਣ ਲਈ ਦਿੱਤਾ ਗਿਆ ਸੀ ਪਰ ਬਾਵਜੂਦ ਇਸਦੇ ਇਹ ਬੱਸਾਂ ਕੰਡਮ ਹਾਲਤ ਦੇ ਵਿੱਚ ਖੜ੍ਹੀਆਂ ਨੇ ,ਜਿਨ੍ਹਾਂ ਦੀ ਸਾਰ ਲੈਣ ਲਈ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਾ ਹੀ ਸਮੇਂ ਦੀਆਂ ਸਰਕਾਰਾਂ ਕੋਈ ਕਦਮ ਚੁੱਕ ਰਹੀਆਂ ਹਨ। ਇਨ੍ਹਾਂ ਬੱਸਾਂ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਨੇ ਅਤੇ ਖੜੀਆਂ ਬੱਸਾਂ 'ਚੋਂ ਸਾਮਾਨ ਵੀ ਚੋਰੀ ਹੋ ਚੁੱਕਿਆ ਹੈ।   

 

ਇਹ ਵੀ ਪੜ੍ਹੋ : Siddhant Veer Suryavanshi : ਮਸ਼ਹੂਰ ਟੀਵੀ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ , ਜਿੰਮ 'ਚ ਕਸਰਤ ਕਰਦੇ ਸਮੇਂ ਵਿਗੜੀ ਹਾਲਤ


ਇਨ੍ਹਾਂ ਤਸਵੀਰਾਂ ਵਿਚ ਵੀ ਦੇਖਿਆ ਜਾ ਸਕਦਾ ਹੈ ਕਿ ਸਿਟੀ ਬੱਸਾਂ ਦੇ ਟਾਇਰਾਂ ਤੋਂ ਇਲਵਾ ਸੀਟਾਂ ਅਤੇ ਬੈਟਰੀਆਂ ਤੱਕ ਨਹੀਂ ਹੈ ਅਤੇ ਬੱਸਾਂ ਦੇ ਸ਼ੀਸ਼ੇ ਵੀ ਟੁੱਟੇ ਹੋਏ ਨਜ਼ਰ ਆ ਰਹੇ ਹਨ। ਇਸ ਸੰਬੰਧ ਵਿਚ ਜਦੋਂ ਮੌਜੂਦਾ ਸਰਕਾਰ ਦੇ ਆਮ ਆਦਮੀ ਪਾਰਟੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸਦਾ ਠੀਕਰਾ ਸਮੇਂ ਦੀ ਸਰਕਾਰ 'ਤੇ ਸਿੱਟਿਆ ਅਤੇ ਕਿਹਾ ਕਿ ਜੋ ਵੀ ਸਰਕਾਰ ਸੱਤਾ ਵਿੱਚ ਆਈ ਹੈ, ਉਸ ਨੇ ਲੋਕਾਂ ਦਾ ਪੈਸਾ ਖ਼ਰਾਬ ਕੀਤਾ ਹੈ।   

ਉਧਰ ਨਗਰ ਨਿਗਮ ਦੇ ਕਮਿਸ਼ਨਰ ਸ਼ਾਇਨਾ ਅਗਰਵਾਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਦੇ ਲਈ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਸੀ ,ਜੋ ਇਸ ਦੀ ਦੇਖਰੇਖ ਕਰਦੀ ਹੈ। ਉਨ੍ਹਾਂ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਇਨ੍ਹਾਂ ਬੱਸਾਂ ਨੂੰ ਨਹੀਂ ਚਲਾਇਆ ਗਿਆ ਅਤੇ ਹੁਣ ਕੁਝ ਰੂਟਾਂ 'ਤੇ ਇਨ੍ਹਾਂ ਬੱਸਾਂ ਨੂੰ ਚਲਾਉਣ ਦੇ ਲਈ ਪ੍ਰਪੋਜ਼ਲ ਤਿਆਰ ਕੀਤੀ ਜਾ ਰਹੀ ਹੈ।   

ਇਨ੍ਹਾਂ ਬੱਸਾਂ ਨੂੰ ਲੈ ਕੇ ਜਦੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਸਪੋਕਸਪਰਸਨ ਕੁਲਦੀਪ ਵੈਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੰਡਮ ਹਾਲਤ ਵਿੱਚ ਖੜ੍ਹੀਆਂ ਬੱਸਾਂ ਦੇ ਵਿੱਚੋਂ ਕਾਫੀ ਸਾਮਾਨ ਚੋਰੀ ਹੋ ਚੁੱਕਿਆ ਹੈ ਅਤੇ ਉਸ ਦੇ ਲਈ ਇਕ ਕੰਪਨੀ ਨੂੰ ਟੈਂਡਰ ਵੀ ਦਿੱਤਾ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਬੱਸਾਂ ਨਹੀਂ ਚੱਲ ਪਾਈਆਂ ,ਜਿਸ ਨੂੰ ਲੈ ਕੇ ਸਰਕਾਰ ਨੂੰ ਸੰਜੀਦਾ ਕਦਮ ਚੁੱਕਦੇ ਹੋਏ ਬੱਸਾਂ ਨੂੰ ਚਾਲੂ ਕਰਨਾ ਚਾਹੀਦਾ ਹੈ।   

ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਵੀ ਸਮੇਂ ਦੀਆਂ ਸਰਕਾਰਾਂ 'ਤੇ ਠੀਕਰਾ ਸਿੱਟਿਆ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸਮੇਂ ਇਨ੍ਹਾਂ ਬੱਸਾਂ ਨੂੰ ਬਾਖੂਬੀ ਚਲਾਇਆ ਜਾ ਰਿਹਾ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਬੱਸਾਂ ਨੂੰ ਕੰਡਮ ਹਾਲਤ ਵਿਚ ਤਾਜਪੁਰ ਰੋਡ ਅਤੇ ਹੰਬੜਾਂ ਰੋਡ 'ਤੇ ਖੜਾਇਆ ਹੋਇਆ ਹੈ ,ਜਿਸਦੇ ਵਿਚ ਅਕਸਰ ਹੀ ਚੋਰੀਆਂ ਦੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਬਾਬਤ ਆਵਾਜ਼ ਨੂੰ ਉਠਾਉਣਗੇ ਅਤੇ ਸ਼ਹਿਰ ਦੇ ਲੋਕਾਂ ਨੂੰ ਇਹ ਬੱਸਾਂ ਚਲਾਉਣ ਦੇ ਲਈ ਅਪੀਲ ਕਰਨਗੇ।