Ludhiana News: ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਝੋਨੇ ਦੀ ਮੁਫਤ ਪਨੀਰੀ ਦਾ ਐਲਾਨ ਕੀਤਾ ਹੈ। ਪੀਏਯੂ ਨੇ ਆਪਣੇ ਵੱਖ-ਵੱਖ ਕੇਂਦਰਾਂ ਵਿੱਚ 30 ਏਕੜ ਦੇ ਕਰੀਬ ਪਨੀਰੀ ਬੀਜੀ ਹੈ। ਇਹ ਤਿਆਰ ਹੋ ਗਈ ਹੈ। ਪੀਏਯੂ ਨੇ ਆਪਣੇ ਕੇਂਦਰਾਂ ਦੀ ਲਿਸਟ ਜਾਰੀ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਥੋਂ ਪਨੀਰੀ ਲੈ ਸਕਦੇ ਹਨ।
ਦਰਅਸਲ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਸੂਬੇ ਦੇ ਕਈ ਇਲਾਕਿਆਂ ਵਿੱਚ ਕਿਸਾਨਾਂ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਇੱਕ ਵਿਸ਼ੇਸ਼ ਪਹਿਲਕਦਮੀ ਕਰਦਿਆਂ ਇਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਕਿਸਮ ਪੀ ਆਰ-126 ਤੇ ਪੂਸਾ ਬਾਸਮਤੀ-1509 ਦੀ ਪਨੀਰੀ ਉਪਲੱਬਧ ਕਰਵਾਈ ਹੈ।
ਇਸ ਬਾਰੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਪੀਏਯੂ ਨੇ ਆਪਣੇ ਵੱਖ-ਵੱਖ ਕੇਂਦਰਾਂ ਵਿੱਚ 30 ਏਕੜ ਦੇ ਕਰੀਬ ਰਕਬੇ ’ਤੇ ਪੀਆਰ-126 ਤੇ 10 ਏਕੜ ਰਕਬੇ ’ਚ ਪੂਸਾ ਬਾਸਮਤੀ-1509 ਦੀ ਪਨੀਰੀ ਦੀ ਬਿਜਾਈ ਕੀਤੀ ਸੀ। ਡਾ. ਗੋਸਲ ਨੇ ਕਿਹਾ ਕਿ ਲੋੜਵੰਦ ਕਿਸਾਨ ਆਪਣੇ ਨੇੜੇ ਦੇ ਕੇਂਦਰ ਤੋਂ ਪੀਆਰ-126 ਜਾਂ ਪੂਸਾ ਬਾਸਮਤੀ-1509 ਦੀ ਪਨੀਰੀ ਮੁਫ਼ਤ ਵਿੱਚ ਹਾਸਲ ਕਰ ਸਕਦੇ ਹਨ।
ਇਨ੍ਹਾਂ ਕੇਂਦਰਾਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ, ਕ੍ਰਿਸ਼ੀ ਵਿਗਿਆਨ ਕੇਂਦਰ ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ, ਬਾਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ, ਕਪੂਰਥਲਾ, ਸਮਰਾਲਾ, ਖੋਖਰਪੁਰ ਮਾਨਸਾ, ਬੁੱਧ ਸਿੰਘ ਵਾਲਾ ਮੋਗਾ, ਗੋਨਿਆਣਾ ਮੁਕਤਸਰ ਸਾਹਿਬ, ਰੌਣੀ ਪਟਿਆਲਾ, ਰੋਪੜ, ਖੇੜੀ ਸੰਗਰੂਰ, ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਯੂਨੀਵਰਸਿਟੀ ਬੀਜ ਫਾਰਮ ਨਰਾਇਣਗੜ੍ਹ, ਯੂਨੀਵਰਸਿਟੀ ਬੀਜ ਫਾਰਮ ਨਾਭਾ, ਲਾਢੋਵਾਲ, ਯੂਨੀਵਰਸਿਟੀ ਬੀਜ ਫਾਰਮ ਖਨੌੜਾ, ਯੂਨੀਵਰਸਿਟੀ ਬੀਜ ਫਾਰਮ ਫਰੀਦਕੋਟ ਸ਼ਾਮਿਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।