Ludhiana News: ਕਾਂਗਰਸ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰ ਨੇ ਬੀਜੇਪੀ ਦੀ ਟਿਕਟ ਉਪਰ ਚੋਣ ਲੜ ਰਹੇ ਮੌਜੂਦਾ ਸੰਸਦ ਮੈਂਬਰ ਰਵਨੀਤ ਬਿੱਟੂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬੀਜੇਪੀ ਨੇ ਰਵਨੀਤ ਬਿੱਟੂ ਨੂੰ ਟਿਕਟ ਦੇ ਕੇ ਕਾਂਗਰਸ ਨੂੰ ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਂਗਰਸ ਨੇ ਨਹਿਲੇ 'ਤੇ ਦਹਿਲਾ ਮਾਰਦਿਆਂ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ। ਰਾਜਾ ਵੜਿੰਗ ਦੇ ਐਲਾਨ ਮਗਰੋਂ ਕਾਂਗਰਸ ਇੱਕਜੁਟ ਹੋ ਗਈ ਹੈ। 



ਦਰਅਸਲ ਲੋਕ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਦਾ ਐਲਾਨ ਹੋਣ ਤੋਂ ਪਹਿਲਾਂ ਧੜਿਆਂ ਵਿੱਚ ਵੰਡੀ ਕਾਂਗਰਸ ਇੱਕਜੁਟ ਨਜ਼ਰ ਆਉਣ ਲੱਗੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਚੋਣ ਮੈਦਾਨ ’ਚ ਉਤਰਦੇ ਹੀ ਧੜਿਆਂ ’ਚ ਵੰਡੇ ਕਾਂਗਰਸੀ ਇੱਕਮੁੱਠ ਹੋਣ ਲੱਗੇ ਹਨ। ਵੀਰਵਾਰ ਨੂੰ ਰੋਡ ਸ਼ੋਅ ਦੌਰਾਨ ਸ਼ਹਿਰ ਦੇ ਕਾਂਗਰਸੀਆਂ ਤੇ ਸਥਾਨਕ ਆਗੂਆਂ ਨੇ ਆਪੋ-ਆਪਣੇ ਇਲਾਕੇ ’ਚ ਵੜਿੰਗ ਦਾ ਸਵਾਗਤ ਕੀਤਾ ਤੇ ਆਪਣੀ ਪੂਰੀ ਤਾਕਤ ਦਿਖਾਈ। 


ਕਾਂਗਰਸੀ ਲੀਡਰਾਂ ਨੇ ਵੜਿੰਗ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਉਹ ਸਾਰੇ ਇੱਕਜੁਟ ਹਨ ਤੇ ਲੋਕ ਸਭਾ ਚੋਣਾਂ ’ਚ ਪੂਰੀ ਤਰ੍ਹਾਂ ਨਾਲ ਉਨ੍ਹਾਂ ਦਾ ਸਾਥ ਦੇਣਗੇ। ਰਾਜਾ ਵੜਿੰਗ ਦੇ ਸ਼ਹਿਰ ’ਚ ਦਾਖ਼ਲ ਹੁੰਦੇ ਹੀ ਸਾਬਕਾ ਮੰਤਰੀ ਆਸ਼ੂ ਦੇ ਗਾਇਬ ਰਹਿਣ ’ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ, ਪਰ ਭਾਰਤ ਨਗਰ ਚੌਕ ’ਚ ਭਾਰਤ ਭੂਸ਼ਣ ਆਸ਼ੂ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਵੜਿੰਗ ਦਾ ਜੋਸ਼ੀਲੇ ਢੰਗ ਨਾਲ ਸਵਾਗਤ ਕੀਤਾ ਗਿਆ। 


ਉਮੀਦਵਾਰ ਐਲਾਨਣ ਮਗਰੋਂ ਪਹਿਲੀ ਵਾਰ ਰਾਜਾ ਵੜਿੰਗ ਲੁਧਿਆਣਾ ਪੁੱਜੇ ਸਨ, ਜਿੱਥੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਤੇ ਉਨ੍ਹਾਂ ਦੇ ਸਮਰਥਕਾਂ ਨੇ ਸਮਰਾਲਾ ਚੌਕ ਵਿੱਚ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕੁਝ ਹੀ ਦੂਰੀ ’ਤੇ ਹਲਕਾ ਕੇਂਦਰੀ ਸ਼ੁਰੂ ਹੁੰਦੇ ਹੀ ਉਥੋਂ ਦੇ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਮਗਰੋਂ ਫੀਲਡਗੰਜ ’ਚ ਸਾਬਕਾ ਮੰਤਰੀ ਰਾਕੇਸ਼ ਪਾਂਡੇ ਨੇ ਉਨ੍ਹਾਂ ਸਵਾਗਤ ਕੀਤਾ। ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਸਨ। ਇਸ ਮਗਰੋਂ ਮੁੱਲਾਂਪੁਰ ਦਾਖਾ ਹਲਕੇ ’ਚ ਕੈਪਟਨ ਸੰਦੀਪ ਸੰਧੂ ਤੇ ਜਗਰਾਉਂ ਵਿੱਚ ਸਮਰਥਕਾਂ ਨੇ ਰਾਜਾ ਵੜਿੰਗ ਦਾ ਸਵਾਗਤ ਕੀਤਾ। 



ਰਾਜਾ ਵੜਿੰਗ ਨੇ ਸਮਰਾਲਾ ਚੌਕ ’ਚ ਹੀ ਭਾਜਪਾ ਉਮੀਦਵਾਰ ਰਵਨੀਤ ਬਿੱਟੂ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਜੇ ਲੋਕ ਉਨ੍ਹਾਂ ਨੂੰ ਰਾਤ ਨੂੰ ਤਿੰਨ ਵਜੇ ਵੀ ਫੋਨ ਕਰਨਗੇ ਤਾਂ ਉਹ ਫੋਨ ਚੁੱਕਣਗੇ ਤੇ ਉਨ੍ਹਾਂ ਦੀ ਸਮੱਸਿਆ ਹੱਲ ਕਰਨਗੇ, ਨਾ ਕਿ ਬਿੱਟੂ ਵਾਂਗ ਫੋਨ ਹੀ ਨਹੀਂ ਚੁੱਕਣਗੇ। ਲੋਕ ਪਿਛਲੇ 10 ਸਾਲਾਂ ਤੋਂ ਬਿੱਟੂ ਨਾਲ ਗੱਲ ਕਰਨ ਨੂੰ ਤਰਸ ਗਏ ਸਨ ਕਿਉਂਕਿ ਬਿੱਟੂ ਕਿਸੇ ਦਾ ਫੋਨ ਨਹੀਂ ਚੁੱਕਦਾ। ਉਨ੍ਹਾਂ ਕਿਹਾ ਕਿ ਇਹ ਲੜਾਈ ਵਫ਼ਾਦਾਰ ਤੇ ਗੱਦਾਰ ਵਿਚਕਾਰ ਹੈ।