Ludhiana News: ਲੁਧਿਆਣਾ ਵਿੱਚ ਜਲੰਧਰ ਬਾਈਪਾਸ ਨੇੜੇ ਬੀਤੇ ਦਿਨੀਂ ਪੁਲਿਸ 'ਤੇ ਗੱਡੀ ਚੜ੍ਹਾਉਣ ਦੇ ਇਲਜ਼ਾਮਾਂ 'ਚ ਘਿਰੇ ਮੁਲਜ਼ਮ ਗੈਂਗਸਟਰ ਜਤਿੰਦਰ ਜਿੰਦੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਸਫਾਈ ਦਿੰਦਿਆਂ ਕਿਹਾ ਕਿ 3 ਮੁਲਾਜ਼ਮ ਸਿਵਲ 'ਚ ਸਨ ਤੇ ਕੋਈ ਨਾਕਾ ਨਹੀਂ ਲਾਇਆ ਸੀ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਵੀ ਫਾਇਰਿੰਗ ਨਹੀਂ ਕੀਤੀ ਗਈ ਤੇ ਅਸੀਂ ਉਨ੍ਹਾਂ ਤੋਂ ਜਾਨ ਬਚਾ ਕੇ ਉਥੋਂ ਭੱਜੇ। ਉਨ੍ਹਾਂ ਕਿਹਾ ਕਿ ਮੀਡੀਆ ਮੇਰਾ ਵੀ ਪੱਖ ਜਾਣੇ। ਉਸ ਨੇ ਨਾਲ ਹੀ ਕਿਹਾ ਕਿ ਜਿਸ ਕੇਸ 'ਚ ਮੇਰੀ ਗ੍ਰਿਫਤਾਰੀ ਦੀ ਗੱਲ ਕਹੀ ਜਾ ਰਹੀ ਹੈ, ਉਸ ਕੇਸ 'ਚ ਸਾਡਾ ਪਹਿਲਾਂ ਹੀ ਸਮਝੌਤਾ ਹੋ ਚੁੱਕਾ ਹੈ।
ਦੱਸ ਦਈਏ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਗੈਂਗਸਟਰਾਂ 'ਤੇ ਸ਼ਿਕੰਜਾ ਕੱਸ ਰਹੀ ਹੈ। ਪਿਛਲੇ 4 ਦਿਨ ਪਹਿਲਾਂ ਲੁਧਿਆਣਾ ਦੇ ਗੈਂਗਸਟਰ ਜਤਿੰਦਰ ਜਿੰਦੀ ਦੀ ਸੀਆਈਏ ਟੀਮ ਨਾਲ ਝੜਪ ਹੋਈ ਸੀ। ਇਸ ਦੌਰਾਨ ਜਿੰਦੀ ਪੁਲਿਸ ਨੂੰ ਚਕਮਾ ਦਿੰਦੇ ਹੋਏ ਸਵਿਫਟ ਕਾਰ 'ਚ ਫਰਾਰ ਹੋ ਗਿਆ ਸੀ। ਪੁਲਿਸ ਟੀਮ ਨੇ ਕਾਰ ਦੇ ਟਾਇਰ 'ਤੇ ਵੀ ਦੋ ਗੋਲੀਆਂ ਚਲਾਈਆਂ। ਕਿਹਾ ਜਾ ਰਿਹਾ ਸੀ ਕਿ ਅੱਜ ਜਿੰਦੀ ਆਤਮ ਸਮਰਪਣ ਕਰ ਦੇਵੇਗਾ ਪਰ ਇਸ ਦੌਰਾਨ ਜਤਿੰਦਰ ਜਿੰਦੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : Morbi Bridge Collapses : ਹਾਦਸੇ ਤੋਂ ਇੱਕ ਦਿਨ ਪਹਿਲਾਂ ਪੁਲ 'ਤੇ ਸੈਂਕੜੇ ਲੋਕ ਇਕੱਠੇ ਮਸਤੀ ਕਰਦੇ ਦਿਖੇ , ਵੀਡੀਓ ਵਾਇਰਲ
ਵੀਡੀਓ 'ਚ ਜਿੰਦੀ ਨੇ ਦਾਅਵਾ ਕੀਤਾ ਕਿ ਉਹ ਬੇਕਸੂਰ ਹੈ। ਜਿੰਦੀ ਨੇ ਕਿਹਾ ਕਿ ਪੁਲਿਸ ਮੈਨੂੰ ਨਿਸ਼ਾਨਾ ਬਣਾ ਰਹੀ ਹੈ। ਸੀਆਈਏ ਸਟਾਫ਼ ਦੇ ਤਿੰਨ ਵਿਅਕਤੀ ਬਿਨਾਂ ਵਰਦੀ ਤੋਂ ਗੱਡੀ ਵਿੱਚ ਪੈਟਰੋਲ ਪੰਪ ਨੇੜੇ ਸਨ। ਜਿੰਦੀ ਨੇ ਦੱਸਿਆ ਕਿ ਉਹ ਆਪਣੇ ਸਾਥੀ ਨਾਲ ਜਗਰਾਉਂ ਪੁਲ ਤੋਂ ਹੇਠਾਂ ਉਤਰ ਰਿਹਾ ਸੀ। ਇਸ 'ਚ ਤਿੰਨ ਵਿਅਕਤੀ ਕਾਰ 'ਚੋਂ ਉਤਰ ਕੇ ਪਿਸਤੌਲ ਕੱਢ ਕੇ ਉਸ ਨੂੰ ਹੇਠਾਂ ਉਤਰਨ ਲਈ ਕਹਿੰਦੇ ਹਨ।
ਜਿੰਦੀ ਨੇ ਕਿਹਾ ਕਿ ਉਸ ਨੇ ਸੋਚਿਆ ਕਿ ਸ਼ਾਇਦ ਕੋਈ ਗੈਂਗਸਟਰ ਹੈ, ਜੋ ਉਸ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਹ ਸੋਚ ਕੇ ਉਸ ਨੇ ਉੱਥੋਂ ਕਾਰ ਭਜਾ ਦਿੱਤੀ। ਜ਼ਿੰਦੀ ਅਨੁਸਾਰ ਉਸ ਨੇ ਕਿਸੇ ਵੱਲ ਪਿਸਤੌਲ ਨਹੀਂ ਤਾਣੀ। ਨਾ ਹੀ ਕੋਈ ਗੋਲੀ ਚਲਾਈ। ਜਿੰਦੀ ਨੇ ਕਿਹਾ ਕਿ ਜਿਸ ਕੇਸ ਵਿੱਚ ਪੁਲੀਸ ਉਸ ਨੂੰ ਮੁਕੱਦਮੇ ’ਤੇ ਲੈ ਕੇ ਜਾਣ ਦੀ ਗੱਲ ਕਰ ਰਹੀ ਹੈ, ਉਸ ਕੇਸ ਵਿੱਚ ਉਹ ਰਾਜ਼ੀਨਾਮਾ ਹੋ ਗਿਆ ਹੈ, ਜਿਸ ਸਬੰਧੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿੰਦੀ ਨੇ ਕਿਹਾ ਕਿ ਮੈਨੂੰ ਗੈਂਗਸਟਰ ਬਣਾਇਆ ਜਾ ਰਿਹਾ ਹੈ। ਮੈਂ ਆਪਣਾ ਜੀਵਨ ਸਾਦਗੀ ਵਿੱਚ ਜੀ ਰਿਹਾ ਹਾਂ। ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਜਿੰਦੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੀ ਕਿਸੇ ਨਾਲ ਲੜਾਈ ਹੋਈ ਸੀ। ਇਸ ਮਾਮਲੇ ਦੀ ਜਾਂਚ ਨੂੰ 6 ਮਹੀਨੇ ਹੋ ਗਏ ਹਨ। ਅਜੇ ਤੱਕ ਕਿਸੇ ਨੇ ਵੀ ਉਸ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਦਿੱਤੀ। ਪੁਲਿਸ ਨੇ ਬਿਨਾਂ ਵਜ੍ਹਾ ਮੈਨੂੰ ਗੈਂਗਸਟਰ ਬਣਾ ਦਿੱਤਾ।