Ludhiana News : ਤਰਨ ਤਾਰਨ ਦੇ ਸਰਹਾਲੀ ਪੁਲਿਸ ਥਾਣੇ ਦੇ ਸੁਵਿਧਾ ਕੇਂਦਰ ’ਚ ਰਾਕੇਟ ਲਾਂਚਰ ਨਾਲ ਕੀਤੇ ਗਏ ਹਮਲੇ ਤੋਂ ਬਾਅਦ ਜਿੱਥੇ ਪੰਜਾਬ ਪੁਲਿਸ ਨੇ ਪੂਰੇ ਪੰਜਾਬ ’ਚ ਅਲਰਟ ਜਾਰੀ ਕਰ ਦਿੱਤਾ ਹੈ, ਉੱਥੇ ਹੀ ਲੁਧਿਆਣਾ ਪੁਲਿਸ ਨੇ ਵੀ ਹਾਈਵੇਅ ’ਤੇ ਬਣੇ ਥਾਣਿਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਸਰਹਾਲੀ ਦੇ ਜਿਸ ਥਾਣੇ ’ਤੇ ਹਮਲਾ ਹੋਇਆ ਹੈ, ਉਹ ਹਾਈਵੇਅ ’ਤੇ ਬਣਿਆ ਹੋਇਆ ਸੀ।
ਲੁਧਿਆਣਾ ਪੁਲਿਸ ਵੱਲੋਂ ਹਾਈਵੇਅ ਵਿਚਲੇ ਥਾਣਿਆਂ ’ਚ ਪੱਕੇ ਤੌਰ ’ਤੇ ਬੰਕਰ ਬਣਾਏ ਜਾ ਰਹੇ ਹਨ ਤੇ ਇਨ੍ਹਾਂ ਥਾਣਿਆਂ ’ਚ ਵਿਸ਼ੇਸ਼ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਜੋ ਇੱਥੇ 24 ਘੰਟੇ ਨਿਗਰਾਨੀ ਕੀਤੀ ਜਾ ਸਕੇ। ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਚਰਚਾ ਕੀਤੀ ਕਿ ਕਿਸ ਥਾਣੇ ’ਚ ਕਿਸ ਤਰ੍ਹਾਂ ਦੀ ਘਾਟ ਹੈ ਤਾਂ ਜੋ ਉਸ ਨੂੰ ਪੂਰਾ ਕੀਤਾ ਜਾ ਸਕੇ।
ਹਾਲਾਂਕਿ ਚਾਰ ਦਿਨ ਪਹਿਲਾਂ ਹੀ ਲੁਧਿਆਣਾ ਪੁਲੀਸ ਨੇ ਹੁਕਮ ਜਾਰੀ ਕੀਤੇ ਸਨ ਕਿ ਹਰ ਥਾਣੇ ਦੇ ਬਾਹਰ ਬੰਕਰ ਬਣਾਏ ਜਾਣ ਤੇ ਇਸ ਦੇ ਨਾਲ ਨਾਲ ਸੁਰੱਖਿਆ ਸਖਤ ਕੀਤੀ ਜਾਵੇ। ਸ਼ਹਿਰੀ ਇਲਾਕਿਆਂ ’ਚ ਅੱਜ ਨਾਕੇ ਵੀ ਲਗਾਏ ਗਏ। ਜਗਰਾਉਂ ਪੁਲ ’ਤੇ ਪੀਸੀਆਰ ਮੁਲਾਜ਼ਮਾਂ ਵੱਲੋਂ ਨਾਕਾ ਲਗਾਇਆ ਗਿਆ। ਇਸ ਤੋਂ ਇਲਾਵਾ ਹਾਈਵੇਅ ’ਤੇ ਬਣੇ ਥਾਣਾ ਲਾਡੋਵਾਲ, ਥਾਣਾ ਬਸਤੀ ਜੋਧੇਵਾਲ, ਥਾਣਾ ਸਲੇਮ ਟਾਬਰੀ, ਥਾਣਾ ਸਾਹਨੇਵਾਲ, ਥਾਣਾ ਡਿਵੀਜ਼ਨ ਨੰਬਰ 6, ਥਾਣਾ ਡੇਹਲੋਂ, ਚੌਕੀ ਰਾਮਗੜ੍ਹ ਦੇ ਨਾਲ-ਨਾਲ ਚੌਕੀ ਕਟਾਣੀ ਕਲਾਂ ’ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ।
ਉੱਧਰ, ਡੀਸੀਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਵੱਲੋਂ ਪਹਿਲਾਂ ਹੀ ਇੰਟਰਨੈੱਟ ਲਾਉਣ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧ ਸਖਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਤੇ ਲਗਪਗ ਸਾਰੇ ਥਾਣਿਆਂ ’ਚ ਇਹ ਕੰਮ ਪੂਰਾ ਹੋ ਚੁੱਕਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।