Ludhiana News : ਲੁਧਿਆਣਾ ਦੇ ਸਰਾਭਾ ਨਗਰ ਸਕੂਲ ਅੱਗੇ ਇੱਕ ਵੱਡਾ ਹਾਦਸਾ ਵਾਪਰਿਆ ਹੈ ,ਜਿੱਥੇ ਇੱਕ ਥਾਰ ਜੀਪ ਨੇ ਸਕੂਲੀ ਬੱਚੇ ਨੂੰ ਦਰੜ ਦਿੱਤਾ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਛੁੱਟੀ ਹੋਣ ਵੇਲੇ ਮਾਪੇ ਬੱਚਿਆਂ ਨੂੰ ਸਕੂਲੋਂ ਲੈਣ ਆਏ ਹੋਏ ਹਨ। ਇਸ ਦੌਰਾਨ ਸਕੂਲ ਦੇ ਗੇਟ ਅੱਗੇ ਕਾਫੀ ਭੀੜ ਦਿਖਾਈ ਦੇ ਰਹੀ ਹੈ।
ਇਸ ਦੌਰਾਨ ਇਕ ਬੱਚਾ ਭੱਜਦਾ ਹੋਇਆ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਉਹ ਸੜਕ ਦੇ ਅੱਧ ਵਿਚ ਪੁੱਜਦਾ ਹੈ ਤਾਂ ਇਕ ਥਾਰ ਦੀ ਲਪੇਟ ਵਿਚ ਆ ਜਾਂਦਾ ਹੈ। ਥਾਰ ਉਸ ਦੇ ਉਪਰ ਚੜ੍ਹ ਜਾਂਦੀ ਹੈ। ਇਸ ਪਿੱਛੋਂ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਬੱਚਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਇਸ ਹਾਦਸੇ ਸਮੇਂ ਇੱਕ ਮਹਿਲਾ ਥਾਰ ਚਲਾ ਰਹੀ ਸੀ। ਉਕਤ ਮਹਿਲਾ ਓਵਰ ਸਪੀਡ ਆ ਰਹੀ ਸੀ।ਜਦੋਂ ਬੱਚਾ ਸੜਕ ਪਾਰ ਕਰ ਰਿਹਾ ਸੀ ਤਾਂ ਥਾਰ ਦੇ ਹੇਠਾਂ ਆ ਗਿਆ। ਜ਼ਖਮੀ ਬੱਚੇ ਦਾ ਨਾਂ ਸ਼੍ਰੀਸ਼ ਜੈਨ ਹੈ, ਜੋ ਕਿ ਕਿਚਲੂ ਨਗਰ ਦਾ ਰਹਿਣ ਵਾਲਾ ਹੈ। ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਔਰਤ ਰਣਜੀਤ ਕੌਰ ਉਰਫ਼ ਪ੍ਰੀਤ ਧਨੋਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਬੱਚੇ ਦੇ ਪਿਤਾ ਮੋਹਿਤ ਜੈਨ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸਰਾਭਾ ਨਗਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 5ਵੀਂ ਜਮਾਤ ਵਿੱਚ ਪੜ੍ਹਦਾ ਹੈ। ਸਕੂਲ ਵਿੱਚ ਇਮਤਿਹਾਨ ਚੱਲ ਰਿਹਾ ਸੀ। ਛੁੱਟੀ ਤੋਂ ਬਾਅਦ ਉਸਦਾ ਪੁੱਤਰ ਹੈਪੀ ਫੋਰਜੀਰਾ ਪਾਰਕ ਤੋਂ ਸੜਕ ਪਾਰ ਕਰ ਰਿਹਾ ਸੀ। ਇਸੇ ਦੌਰਾਨ ਕਾਲੇ ਰੰਗ ਦੇ ਥਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਇਹ ਘਟਨਾ 2 ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ, ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਇਹ ਘਟਨਾ ਸਰਾਭਾ ਨਗਰ ਦੇ ਇੱਕ ਨਿੱਜੀ ਸਕੂਲ ਦੇ ਬਾਹਰ ਵਾਪਰੀ। ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਥਾਰ ਦੀ ਟੱਕਰ ਤੋਂ ਬਾਅਦ ਵਿਦਿਆਰਥੀ ਕਈ ਫੁੱਟ ਡਿੱਗ ਗਿਆ। ਹਾਦਸੇ ਤੋਂ ਬਾਅਦ ਲੋਕਾਂ ਨੇ ਬੱਚੇ ਨੂੰ ਹਸਪਤਾਲ ਪਹੁੰਚਾਇਆ।