Ludhiana News: ਔਰਤ ਦੀ ਕੁੱਟਮਾਰ ਦੀ ਵੀਡੀਓ ਵਾਇਰਲ, ਵਾਲਾਂ ਤੋਂ ਫੜਕੇ ਘੜੀਸਿਆ
ਖੰਨਾ ਦੇ ਨਵੀਂ ਆਬਾਦੀ ਇਲਾਕੇ 'ਚ ਔਰਤ ਦੀ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਹੈ। ਇੱਕ ਨੌਜਵਾਨ ਨੇ ਸ਼ਰੇਆਮ ਔਰਤ ਨੂੰ ਗਲੀ ਵਿੱਚ ਬੁਰੀ ਤਰ੍ਹਾਂ ਕੁੱਟਿਆ। ਘਰ ਦੇ ਬਾਹਰ ਖੜ੍ਹੀ ਔਰਤ ਨੂੰ ਉਸ ਦੇ ਵਾਲਾਂ ਤੋਂ ਖਿੱਚ ਕੇ ਗਲੀ 'ਚ ਲਿਆ ਕੇ ਫਿਰ ਜ਼ਮੀਨ 'ਤੇ ਸੁੱਟਿਆ।
Ludhiana News: ਖੰਨਾ ਦੇ ਨਵੀਂ ਆਬਾਦੀ ਇਲਾਕੇ 'ਚ ਔਰਤ ਦੀ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਹੈ। ਇੱਕ ਨੌਜਵਾਨ ਨੇ ਸ਼ਰੇਆਮ ਔਰਤ ਨੂੰ ਗਲੀ ਵਿੱਚ ਬੁਰੀ ਤਰ੍ਹਾਂ ਕੁੱਟਿਆ। ਘਰ ਦੇ ਬਾਹਰ ਖੜ੍ਹੀ ਔਰਤ ਨੂੰ ਉਸ ਦੇ ਵਾਲਾਂ ਤੋਂ ਖਿੱਚ ਕੇ ਗਲੀ 'ਚ ਲਿਆ ਕੇ ਫਿਰ ਜ਼ਮੀਨ 'ਤੇ ਸੁੱਟਿਆ। ਆਸ-ਪਾਸ ਦੇ ਲੋਕਾਂ ਨੇ ਔਰਤ ਨੂੰ ਮੁਲਜ਼ਮ ਤੋਂ ਛੁਡਵਾਇਆ। ਇਸ ਤੋਂ ਬਾਅਦ ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਨਵੀਂ ਆਬਾਦੀ 'ਚ ਰਹਿਣ ਵਾਲੀ ਰਾਜੇਸ਼ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਘਰਾਂ 'ਚ ਸਫਾਈ ਦਾ ਕੰਮ ਕਰਦੀ ਹੈ। ਉਸ ਦੀ ਭਤੀਜੀ ਉਸ ਦੇ ਘਰ ਦੇ ਸਾਹਮਣੇ ਇੱਕ ਘਰ ਵਿੱਚ ਸਫਾਈ ਦਾ ਕੰਮ ਕਰਦੀ ਹੈ। ਉਹ ਆਪਣੀ ਭਤੀਜੀ ਨੂੰ ਇਹ ਕਹਿ ਕੇ ਘਰ ਆਈ ਸੀ ਕਿ ਉਸ ਨੇ ਕੰਮ ’ਤੇ ਜਾਣਾ ਹੈ। ਬਾਅਦ ਵਿੱਚ ਬੱਚੇ ਦੀ ਦੇਖਭਾਲ ਕਰ ਲਵੇ। ਉਹ ਅਜੇ ਆਪਣੇ ਘਰ ਦੇ ਦਰਵਾਜ਼ੇ ਕੋਲ ਵਾਪਸ ਪਰਤੀ ਹੀ ਸੀ ਕਿ ਜਿਸ ਘਰ ਚ ਉਸ ਦੀ ਭਤੀਜੀ ਕੰਮ ਕਰਦੀ ਹੈ, ਉਸ ਦਾ ਮਾਲਕ ਉਸ ਨੂੰ ਗਾਲ੍ਹਾਂ ਕੱਢਦਾ ਹੋਇਆ ਪਿੱਛੇ ਤੋਂ ਆਇਆ।
ਉਸ ਨੂੰ ਵਾਲਾਂ ਤੋਂ ਫੜ ਘਸੀਟਿਆ ਗਿਆ। ਜ਼ਮੀਨ 'ਤੇ ਪਟਕਾ ਮਾਰਿਆ ਗਿਆ। ਲੋਕਾਂ ਨੇ ਉਸ ਨੂੰ ਬਚਾਇਆ। ਔਰਤ ਦੇ ਪਤੀ ਬੁੱਧ ਰਾਜ ਨੇ ਦੱਸਿਆ ਕਿ ਉਹ ਕੰਮ 'ਤੇ ਗਿਆ ਹੋਇਆ ਸੀ ਤਾਂ ਉਸ ਦੀ ਪਤਨੀ ਨੇ ਫੋਨ ਕਰਕੇ ਦੱਸਿਆ ਕਿ ਗਲੀ 'ਚ ਰਹਿਣ ਵਾਲੇ ਵਿਅਕਤੀ ਨੇ ਉਸ ਦੀ ਕੁੱਟਮਾਰ ਕੀਤੀ ਹੈ। ਮੁਲਜ਼ਮ ਨੇ ਉਸ ਦੀ ਪਤਨੀ ਨੂੰ ਜਾਤੀਸੂਚਕ ਸ਼ਬਦ ਵੀ ਕਹੇ। ਉਸ ਨੂੰ ਜ਼ਮੀਨ 'ਤੇ ਪਟਕਾ ਮਾਰਿਆ ਗਿਆ ਤੇ ਲੱਤਾਂ ਨਾਲ ਹਮਲਾ ਕੀਤਾ ਗਿਆ। ਮੁਲਜ਼ਮ 'ਤੇ ਨਸ਼ੇ 'ਚ ਧੁੱਤ ਹੋ ਕੇ ਹਮਲਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਬੁੱਧ ਰਾਜ ਨੇ ਕਿਹਾ ਕਿ ਜੇਕਰ ਆਲੇ-ਦੁਆਲੇ ਦੇ ਲੋਕ ਨਾ ਛੁਡਾਉਂਦੇ ਤਾਂ ਹਮਲਾਵਰ ਨੇ ਉਸ ਦੀ ਪਤਨੀ ਨੂੰ ਮਾਰ ਦੇਣਾ ਸੀ।
ਸਿਟੀ ਥਾਣਾ-1 ਦੀ ਪੁਲਿਸ ਨੇ ਰਾਜੇਸ਼ ਨਾਂ ਦੀ ਔਰਤ ਦੇ ਬਿਆਨ ਦਰਜ ਕਰ ਲਏ ਹਨ, ਜੋ ਹਸਪਤਾਲ 'ਚ ਜ਼ੇਰੇ ਇਲਾਜ ਹੈ। ਐਸਐਚਓ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਇਸ ਦੀ ਸੂਚਨਾ ਹਸਪਤਾਲ ਤੋਂ ਐਮਐਲਆਰ ਰਾਹੀਂ ਮਿਲੀ ਸੀ। ਇਸ ਤੋਂ ਬਾਅਦ ਜਾਂਚ ਦੀ ਜ਼ਿੰਮੇਵਾਰੀ ਏਐਸਆਈ ਸੁਰਾਜਦੀਨ ਨੂੰ ਸੌਂਪੀ ਗਈ। ਏਐਸਆਈ ਨੇ ਮੌਕਾ ਦੇਖਿਆ। ਔਰਤ ਦੇ ਬਿਆਨ ਦਰਜ ਕਰ ਲਏ ਗਏ ਹਨ। ਐਕਸਰੇ ਦੀ ਰਿਪੋਰਟ ਆਉਣੀ ਬਾਕੀ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।