Ludhiana Rave Party : ਲੁਧਿਆਣਾ ਦੇ ਹੋਟਲ ਪੁਖਰਾਜ 'ਚ ਚੱਲ ਰਹੀ ਰੇਵ ਪਾਰਟੀ ਦਾ ਵੀਡੀਓ ਸੋਸ਼ਲ ਮੀਡਿਆ 'ਤੇ ਖ਼ੂਬ ਵਾਇਰਲ ਹੋਇਆ ਹੈ। ਇਸ ਵੀਡੀਓ ਤੋਂ ਬਾਅਦ ਸ਼ਹਿਰ 'ਚ ਹੜਕੰਪ ਮਚ ਗਿਆ ਹੈ। ਇਸ ਵੀਡੀਓ 'ਚ ਸ਼ਹਿਰ ਦੇ ਕੁੱਝ ਕਾਰੋਬਾਰੀ ਦਿੱਲੀ -ਮੁੰਬਈ ਤੋਂ ਬੁਲਾਈਆਂ ਲੜਕੀਆਂ ਨਾਲ ਨੱਚਦੇ ਦਿਖਾਈ ਦੇ ਰਹੇ ਹਨ ਅਤੇ ਸ਼ਰਾਬ ਦਾ ਖੁੱਲ੍ਹੇਆਮ ਸੇਵਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸ਼ਹਿਰ ਦੇ ਵਪਾਰੀਆਂ ਦੇ ਨਾਲ-ਨਾਲ ਹੌਜ਼ਰੀ ਦੇ ਕਾਰੋਬਾਰ ਲਈ ਆਏ ਬਾਹਰਲੇ ਵਿਅਕਤੀ ਵੀ ਮੌਜੂਦ ਸਨ। ਇਹ ਹੋਟਲ ਬ੍ਰਾਊਨ ਰੋਡ 'ਤੇ ਸਥਿਤ ਹੈ।

 

ਦਰਅਸਲ 'ਚ ਬੀਤੇ ਦਿਨੀਂ ਸ਼ਹਿਰ ਦੇ ਇੱਕ ਵੱਡੇ ਹੋਟਲ ਵਿੱਚ ਰੇਵ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਇੱਥੇ ਪਾਰਟੀ ਲਈ ਦਿੱਲੀ-ਮੁੰਬਈ ਤੋਂ ਕੁੜੀਆਂ ਨੂੰ ਬੁਲਾਇਆ ਗਿਆ ਸੀ। ਦੱਸਿਆ ਗਿਆ ਕਿ ਲੜਕੀਆਂ ਨੂੰ ਸਟ੍ਰਿਪ ਡਾਂਸ ਅਤੇ ਹੋਰ ਸੇਵਾਵਾਂ ਲਈ ਬੁਲਾਇਆ ਗਿਆ ਸੀ। ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਬਰਾਊਨ ਰੋਡ 'ਤੇ ਸਥਿਤ ਹੋਟਲ ਪੁਖਰਾਜ 'ਤੇ ਛਾਪਾ ਮਾਰ ਕੇ ਰੇਵ ਪਾਰਟੀ ਕਰਦੇ ਹੋਏ 7 ਲੜਕੀਆਂ ਸਮੇਤ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਕੀਤੀਆਂ ਗਈਆਂ 7 ਲੜਕੀਆਂ 'ਚੋਂ 5 ਲੜਕੀਆਂ ਦਿੱਲੀ ਤੋਂ ਅਤੇ 2 ਲੜਕੀਆਂ ਨੂੰ ਹਰਿਆਣਾ ਅਤੇ ਮੁੰਬਈ ਤੋਂ ਬੁਲਾਇਆ ਗਿਆ ਸੀ।

 

ਪੁਲੀਸ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਮੁਲਜ਼ਮ ਸ਼ਰਾਬ ਦਾ ਸੇਵਨ ਕਰ ਰਹੇ ਸੀ , ਜਿਸ ਦੇ ਲਈ ਹੋਟਲ ਕੋਲ ਲਾਇਸੈਂਸ ਨਹੀਂ ਸੀ ਅਤੇ ਹੋਟਲ ਦੇ ਬੈਂਕੁਏਟ ਹਾਲ ਵਿੱਚ ਡਾਂਸ ਵੀ ਚੱਲ ਰਿਹਾ ਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸ਼ਹਿਰ ਦੇ ਕਾਰੋਬਾਰੀਆਂ ਨੇ ਮਹਾਰਾਸ਼ਟਰ ਅਤੇ ਦਿੱਲੀ ਦੀਆਂ ਕੁੜੀਆਂ ਨੂੰ ਫ਼ੋਨ ਕਰਕੇ ਇਥੇ ਬੁਲਾਇਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਪੁਲਸ ਟੀਮ ਹੋਟਲ ਦੇ ਅੰਦਰ ਪਹੁੰਚੀ ਤਾਂ ਕਾਰੋਬਾਰੀ ਪੂਰੀ ਤਰ੍ਹਾਂ ਨਸ਼ੇ 'ਚ ਸਨ ਅਤੇ ਲੜਕੀਆਂ ਨਾਲ ਅਸ਼ਲੀਲ ਡਾਂਸ ਕਰ ਰਹੇ ਸਨ। ਜਿਵੇਂ ਹੀ ਪੁਲਿਸ ਉੱਥੇ ਪਹੁੰਚੀ ਤਾਂ ਉੱਥੇ ਹਫੜਾ-ਦਫੜੀ ਮਚ ਗਈ। ਹਾਲਾਂਕਿ ਪੁਲਿਸ ਨੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ।

 



ਇਸ ਤੋਂ ਬਾਅਦ ਹੋਟਲ ਦੇ ਮਾਲਕ ਅਤੇ ਮੈਨੇਜਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਰੋਬਾਰੀਆਂ ਨੇ ਰੇਵ ਪਾਰਟੀ ਦਾ ਆਯੋਜਨ ਕਰਨ ਲਈ ਬਾਹਰਲੇ ਰਾਜਾਂ ਤੋਂ ਲੜਕੀਆਂ ਬੁਲਾ ਲਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਰੇਵ ਪਾਰਟੀ ਵਿੱਚ ਬਾਹਰਲੇ ਰਾਜਾਂ ਦੇ ਕਾਰੋਬਾਰੀ ਵੀ ਸ਼ਾਮਲ ਹੋਏ ਸਨ। ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਵਿੱਚ ਲੁਧਿਆਣਾ ਤੋਂ ਇਲਾਵਾ ਅੰਮ੍ਰਿਤਸਰ, ਪਟਨਾ, ਇਲਾਹਾਬਾਦ ਅਤੇ ਦਿੱਲੀ ਦੇ ਕਾਰੋਬਾਰੀ ਸ਼ਾਮਲ ਹਨ। ਦੱਸ ਦੇਈਏ ਕਿ ਲੁਧਿਆਣਾ 'ਚ ਹੋਟਲ ਪੁਖਰਾਜ 'ਚ ਚੱਲ ਰਹੀ ਰੇਵ ਪਾਰਟੀ ਦਾ ਵੀਡੀਓ ਵਾਇਰਲ ਹੋਇਆ ਹੈ।