(Source: ECI/ABP News/ABP Majha)
Moga News: ਮੋਗਾ 'ਚ ਰੇਹੜ੍ਹੀ ਲਗਾਉਣ ਵਾਲੇ ਦੇ ਪੁੱਤਰ ਨੇ ਜਿੱਤਿਆ ਗੋਲਡ ਮੈਡਲ
Gold medalist Rahul Kumar : 66ਵੀਆਂ ਨੈਸ਼ਨਲ ਸਕੂਲਜ਼ ਖੇਡਾਂ ਜਿਹੜੀਆਂ ਕਿ ਨਵੀਂ ਦਿੱਲੀ ਵਿਖੇ 6 ਜੂਨ ਤੋਂ 13 ਜੂਨ, 2023 ਤੱਕ ਚੱਲੀਆਂ, ਇਨ੍ਹਾਂ ਖੇਡਾਂ ਵਿੱਚ ਲੰਢੇਕੇ ਦੇ ਰਾਹੁਲ ਕੁਮਾਰ ਵੱਲੋਂ ਗੋਲਡ ਮੈਡਲ ਜਿੱਤਿਆ ਹੈ ਅਤੇ ਆਪਣੀ ਟੀਮ ਨੂੰ..
ਮੋਗਾ : ਕਹਿੰਦੇ ਹਨ ਜੇਕਰ ਇਨਸਾਨ ਵਿੱਚ ਕੁਝ ਕਰਨ ਦਾ ਜ਼ਜ਼ਬਾ ਹੋਵੇ ਤਾਂ ਉਸਦੇ ਘਰ ਦੇ ਹਾਲਾਤ ਜਾਂ ਗਰੀਬੀ ਜਾਂ ਹੋਰ ਕੋਈ ਵੀ ਚੀਜ਼ ਉਸਦੇ ਰਾਹ ਵਿੱਚ ਅੜਿੱਕਾ ਨਹੀਂ ਬਣ ਸਕਦੀ। ਕੁਝ ਅਜਿਹਾ ਹੀ ਜ਼ਜਬੀ ਹੈ ਲੰਢੇਕੇ ਪਿੰਡ ਦਾ 17 ਸਾਲਾ ਰਾਹੁਲ ਕੁਮਾਰ। 66ਵੀਆਂ ਨੈਸ਼ਨਲ ਸਕੂਲਜ਼ ਖੇਡਾਂ ਜਿਹੜੀਆਂ ਕਿ ਨਵੀਂ ਦਿੱਲੀ ਵਿਖੇ 6 ਜੂਨ ਤੋਂ 13 ਜੂਨ, 2023 ਤੱਕ ਚੱਲੀਆਂ, ਇਨ੍ਹਾਂ ਖੇਡਾਂ ਵਿੱਚ ਲੰਢੇਕੇ ਦੇ ਰਾਹੁਲ ਕੁਮਾਰ ਵੱਲੋਂ ਗੋਲਡ ਮੈਡਲ ਜਿੱਤਿਆ ਹੈ ਅਤੇ ਆਪਣੀ ਟੀਮ ਨੂੰ ਟਾਪਰਾਂ ਦੀ ਕਤਾਰ ਵਿੱਚ ਖੜ੍ਹਾ ਕੀਤਾ ਹੈ। ਇਹ ਗੋਲਡ ਮੈਡਲ ਉਸਨੂੰ ਸ਼ੂਟਿੰਗ ਰਾਈਫ਼ਲਜ਼ ਵਿੱਚੋਂ ਅੰਡਰ-19 ਖੇਡਾਂ ਵਿੱਚੋਂ ਮਿਲਿਆ। ਨੈਸ਼ਨਲ ਸਕੂਲਾਂ ਦੀਆਂ ਖੇਡਾਂ ਜਿਹੜੀਆਂ ਕਿ 2019-20 ਵਿੱਚ ਮੱਧ ਪ੍ਰਦੇਸ਼ ਦੇ ਭੋਪਾਲ ਵਿਖੇ ਹੋਈਆਂ ਸਨ ਉਸ ਵਕਤ ਵੀ ਰਾਹੁਲ ਕੁਮਾਰ ਨੇ ਬਰੋਨ ਮੈਡਲ ਜਿੱਤਿਆ ਸੀ।
ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਵੱਲੋਂ ਰਾਹੁਲ ਕੁਮਾਰ ਦੀ ਇਸ ਪ੍ਰਾਪਤੀ ਲਈ ਉਸਨੂੰ ਦਫ਼ਤਰ ਬੁਲਾ ਕੇ ਸਨਮਾਨਿਤ ਕੀਤਾ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਕੜੀ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਆ। ਡਿਪਟੀ ਕਮਿਸ਼ਨਰ ਨੇ ਕੜੀ ਮਿਹਨਤ ਸਦਕਾ ਰਾਹੁਲ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ''ਜਦੋਂ ਵੀ ਉਹ ਬਾਰਵ੍ਹੀਂ ਪਾਸ ਕਰ ਲੈਣ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਨ ਬਾਰਵ੍ਹੀਂ ਤੋਂ ਬਾਅਦ ਦੀ ਰਾਹੁਲ ਦੀ ਪੜ੍ਹਾਈ ਅਤੇ ਉਹ ਜਿਸ ਵੀ ਖੇਤਰ ਵਿੱਚ ਅੱਗੇ ਵਧਣ ਦੀ ਰੁਚੀ ਰੱਖਦੇ ਹਨ ਉਹਨ੍ਹਾਂ ਦੀ ਹਰ ਤਰ੍ਹਾਂ ਦੀ ਮੱਦਦ ਕੀਤੀ ਜਾਵੇਗੀ। ਉਸ ਵਕਤ ਭਾਵੇਂ ਉਹ ਕਿਸੇ ਵੀ ਜ਼ਿਲ੍ਹੇ ਵਿੱਚ ਪੋਸਟਡ ਹੋਣ ਉਹ ਬੇਝਿਜਕ ਉਨ੍ਹਾਂ ਨਾਲ ਸੰਪਰਕ ਕਰ ਲੈਣ, ਉਹ ਰਾਹੁਲ ਦੀ ਆਰਥਿਕ ਸਹਾਇਤਾ ਤੋਂ ਇਲਾਵਾ ਹਰ ਤਰ੍ਹਾਂ ਦੀ ਸਹਾਇਤਾ ਕਰਨਗੇ''।
ਦੱਸਣਯੋਗ ਹੈ ਕਿ ਰਾਹੁਲ ਕੁਮਾਰ ਰੇਹੜ੍ਹੀ ਲਗਾਉਣ ਵਾਲੇ ਅਸ਼ੋਕ ਕੁਮਾਰ ਦਾ ਪੁੱਤਰ ਹੈ। ਸਕੱਤਰ ਮਾਰਕਿਟ ਕਮੇਟੀ (ਰਿਟਾ) ਕਰਮ ਸਿੰਘ ਵੱਲੋਂ ਰਾਹੁਲ ਕੁਮਾਰ ਅਤੇ ਉਸਦੀ ਭੈਣ ਨੂੰ ਬਚਪਨ ਤੋਂ ਹੀ ਗੋਦ ਲਿਆ ਹੋਇਆ ਹੈ ਭਾਵ ਉਨ੍ਹਾਂ ਦੀ ਪੜ੍ਹਾਈ ਰਹਿਣ ਸਹਿਣ ਅਤੇ ਉਨ੍ਹਾਂ ਦੀ ਇਸ ਖੇਤਰ ਵਿੱਚ ਅੱਗੇ ਵਧਣ ਲਈ ਉਹ ਹਰ ਸੰਭਵ ਸਹਾਇਤਾ ਕਰ ਰਹੇ ਹਨ। ਕਰਮ ਸਿੰਘ ਦੇ ਇਸ ਨੇਕ ਕੰਮ ਦੀ ਡਿਪਟੀ ਕਮਿਸ਼ਨਰ ਨੇ ਸ਼ਲਾਘਾ ਕੀਤੀ। ਰਾਹੁਲ ਵੱਲੋਂ ਦਿੱਤੇ ਗਏ ਚੰਗੇ ਖੇਡ ਟਰਾਈਲਾਂ ਸਦਕਾ ਹੁਣ ਉਸਦੀ ਸਿਲੈਕਸ਼ਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਘੁੱਦਾ ਦੇ ਸਰਕਾਰੀ ਸਪੋਰਟਸ ਸਕੂਲ ਵਿੱਚ ਹੋ ਚੁੱਕੀ ਹੈ, ਜਿਸ ਲਈ ਉਸਨੂੰ ਸ਼ੂਟਿੰਗ ਦੀ ਕੋਚ ਮੈਡਲ ਸੁਨੀਤਾ ਕੁਮਾਰੀ ਨੇ ਪ੍ਰੇਰਿਆ ਸੀ। ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਡੀ.ਪੀ. ਹਰਜੀਤ ਕੌਰ ਦਾ ਵੀ ਰਾਹੁਲ ਦੀ ਜਿੰਦਗੀ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।
ਰਾਹੁਲ ਦੇ ਪਿਤਾ ਦਾ ਕਹਿਣਾ ਹੈ ਕਿ ਉਸਨੂੰ ਖੁਸ਼ੀ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਉਸਦੇ ਪੁੱਤਰ ਨੂੰ ਅੱਗੇ ਵਧਣ ਲਈ ਥਾਪੜਾ ਦਿੱਤਾ ਹੈ। ਉਸਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਇਨ੍ਹਾਂ ਬੋਲਾਂ ਸਦਕਾ ਉਸਦੇ ਪੁੱਤਰ ਅਤੇ ਧੀ ਨੂੰ ਜਿੰਦਗੀ ਵਿੱਚ ਅੱਗੇ ਵਧਣ ਦੇ ਮੌਕੇ ਮਿਲਣਗੇ, ਜਿਸ ਲਈ ਉਹ ਡਿਪਟੀ ਕਮਿਸ਼ਨਰ ਦੇ ਸਦਾ ਹੀ ਆਭਾਰੀ ਰਹਿਣਗੇ।