Ludhiana News : ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਠੰਢ ਦੇ ਨਾਲ -ਨਾਲ ਸੰਘਣੀ ਧੁੰਦ ਪੈ ਰਹੀ ਹੈ , ਜਿਸ ਕਾਰਨ ਕਈ ਸੜਕ ਹਾਦਸੇ ਵਾਪਰ ਰਹੇ ਹਨ। ਧੁੰਦ ਕਾਰਨ ਰਾਤ ਵੇਲੇ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ। ਅਜਿਹੇ 'ਚ ਉਹ ਰਸਤੇ 'ਚ ਖੜ੍ਹੇ ਕਿਸੇ ਵਾਹਨ ਨਾਲ ਟਕਰਾ ਜਾਂਦੇ ਹਨ ਜਾਂ ਸੜਕਾਂ ਦੇ ਕਿਨਾਰਿਆਂ 'ਤੇ ਚਿੱਟੀਆਂ ਪੱਟੀਆਂ ਨਾ ਹੋਣ ਕਾਰਨ ਵਾਹਨ ਸੜਕ ਤੋਂ ਉਤਰ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।
ਜਗਰਾਉਂ 'ਚ ਲੁਧਿਆਣਾ-ਫਿਰੋਜਪੁਰ ਹਾਈਵੇ 'ਤੇ ਦੇਰ ਰਾਤ ਨੂੰ ਸੰਘਣੀ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ,ਜਦਕਿ ਦੋ ਗੰਭੀਰ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਦੇਰ ਰਾਤ ਰੈਸਟੋਰੈਂਟ 'ਚ ਕੰਮ ਕਰਨ ਵਾਲੇ ਸਾਜਨ ਪਾਸਵਾਨ ਅਤੇ ਉਸ ਦਾ ਸਾਥੀ ਲਕਸ਼ਮਣ ਦਾਸ ਕੰਮ ਖਤਮ ਕਰਕੇ ਦੇਰ ਰਾਤ ਕਰੀਬ 12 ਵਜੇ ਆਪਣੇ ਪਿੰਡ ਵਿਰਕ ਨੂੰ ਜਾ ਰਹੇ ਸਨ।
ਜਦੋਂ ਉਹ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਸਿੱਧਵਾਂ ਖੁਰਦ ਕਾਲਜ ਰੋਡ ’ਤੇ ਸਥਿਤ ਕੱਟ ਤੋਂ ਪਿੰਡ ਵੱਲ ਜਾਣ ਲਈ ਮੁੜਨ ਲੱਗੇ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਦੋਵਾਂ ਮੋਟਰਸਾਈਕਲਾਂ ਵਿਚਾਲੇ ਹੋਈ ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ 'ਚ ਸਾਜਨ ਪਾਸਵਾਨ, ਲਕਸ਼ਮਣ ਦਾਸ ਅਤੇ ਸੂਰਜ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਸਾਰੇ ਮ੍ਰਿਤਕਾਂ ਦੀ ਉਮਰ 20 ਤੋਂ 22 ਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਤੁਨੀਸ਼ਾ ਸ਼ਰਮਾ ਦਾ ਐਕਸ ਬੁਆਏਫ੍ਰੈਂਡ ਸ਼ਿਜਾਨ ਮੁਹੰਮਦ ਖਾਨ ਗ੍ਰਿਫ਼ਤਾਰ , ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼
ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਕਰੀਬ 12.30 ਵਜੇ ਵਾਪਰੀ। ਉਸ ਨੇ ਦੱਸਿਆ ਕਿ ਜਦੋਂ ਉਹ ਸਿਵਲ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਜਨ, ਲਕਸ਼ਮਣ ਅਤੇ ਸੂਰਜ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਗੰਭੀਰ ਜ਼ਖਮੀ ਪਰਗਟ ਅਤੇ ਸੁਖਦੀਪ ਨੂੰ ਲੁਧਿਆਣਾ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ।