Ludhiana News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬੁੱਧਵਾਰ ਸਵੇਰੇ ਖੰਨਾ 'ਚ ਰੇਡ ਮਾਰੀ। ਇੱਥੇ ਸਿਮਰਜੀਤ ਸਿੰਘ ਬੈਂਸ ਦੇ ਨਜ਼ਦੀਕੀ ਰਹੇ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਆਰ ਕੰਗ ਦੇ ਘਰ ਤੇ ਨਸ਼ਾ ਛੁਡਾਊ ਕੇਂਦਰ 'ਤੇ ਛਾਪਾ ਮਾਰਿਆ ਗਿਆ। ਐਨਆਈਏ ਦੀ ਟੀਮ ਸਵੇਰੇ ਕਰੀਬ 6 ਵਜੇ ਪਿੰਡ ਬਾਹੋਮਾਜਰਾ ਵਿਖੇ ਸੀਆਰ ਕੰਗ ਦੇ ਘਰ ਪਹੁੰਚੀ। ਉਥੇ ਕਰੀਬ 3 ਘੰਟੇ ਤੱਕ ਲੰਬੀ ਜਾਂਚ ਚੱਲਦੀ ਰਹੀ।
ਕੰਗ ਦੇ ਵਿਦੇਸ਼ੀ ਸਬੰਧਾਂ ਦੀ ਜਾਂਚ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਐਨਆਈਏ ਦੀ ਟੀਮ ਸੀਆਰ ਨੂੰ ਨਾਲ ਲੈ ਕੇ ਜੀਟੀ ਰੋਡ ਭੱਟੀਆਂ ਸਥਿਤ ਉਨ੍ਹਾਂ ਦੇ ਨਸ਼ਾ ਛੁਡਾਊ ਕੇਂਦਰ ਪਹੁੰਚੀ। ਇੱਥੇ ਵੀ ਕਰੀਬ ਅੱਧਾ ਘੰਟਾ ਜਾਂਚ ਚੱਲੀ। ਇਸ ਤੋਂ ਬਾਅਦ NIA ਦੀ ਟੀਮ ਰਵਾਨਾ ਹੋ ਗਈ। NIA ਦੇ ਛਾਪੇ ਤੋਂ ਬਾਅਦ ਸੀਆਰ ਕੰਗ ਖੁਦ ਮੀਡੀਆ ਦੇ ਸਾਹਮਣੇ ਆਏ।
ਸੀਆਰ ਕੰਗ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕੋਈ ਵਿਦੇਸ਼ੀ ਸਬੰਧ ਸਾਹਮਣੇ ਨਹੀਂ ਆਏ। ਇਸ ਤੋਂ ਬਾਅਦ NIA ਦੀ ਟੀਮ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ 'ਚ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਉਹ ਸਬੂਤ ਲੈ ਕੇ ਜਾਂਚ 'ਚ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ ਐਨਆਈਏ ਨੇ ਟੀਮ ਨੇ ਮੋਗਾ ਵਿੱਚ ਛਾਪਾ ਮਾਰਿਆ ਹੈ। ਸੂਤਰਾਂ ਮੁਤਾਬਕ ਐਨਆਈਏ ਕਿਸੇ ਫੰਡਿੰਗ ਸਬੰਧੀ ਪੁੱਛਗਿੱਛ ਕਰ ਰਹੀ ਹੈ। ਇਹ ਰੇਡ ਗੁਰਲਾਭ ਸਿੰਘ ਦੇ ਘਰ ਕੀਤੀ ਗਈ। ਐਨਆਈਏ ਨੇ ਉਸ ਨੂੰ ਚੰਡੀਗੜ੍ਹ ਬੁਲਾਇਆ ਹੈ।
ਹਾਸਲ ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਐਨਆਈਏ ਦੀ ਟੀਮ ਨੇ ਮੋਗਾ ਦੇ ਪਿੰਡ ਝੰਡੇਵਾਲਾ ਵਿੱਚ ਗੁਰਲਾਭ ਸਿੰਘ ਦੇ ਘਰ ਛਾਪਾ ਮਾਰਿਆ। ਐਨਆਈਏ ਦੇ ਨਾਲ ਮੋਗਾ ਪੁਲਿਸ ਵੀ ਮੌਜੂਦ ਰਹੀ। ਟੀਮ ਨੇ ਗੁਰਲਾਭ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ।
ਇਤੇ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਤੇ ਵਿਧਾਨ ਸਭਾ ਹਲਕਾ ਸ਼੍ਰੀ ਹਰਿਗੋਬਿੰਦਪੁਰ ਅਧੀਨ ਪਿੰਡ ਬੋਲੇਵਾਲ ਵਿਖੇ ਕਿਰਪਾਲ ਸਿੰਘ ਨਾਮ ਦੇ ਵਿਅਕਤੀ ਦੇ ਘਰ ਵੀ ਐਨਆਈਏ ਦੀ ਰੇਡ ਹੋਈ। ਕਿਰਪਾਲ ਸਿੰਘ ਨੂੰ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ ਜਾ ਰਿਹਾ ਹੈ।