Ludhiana News: ਪੰਜਾਬ ਦੇ ਦਫਤਰਾਂ ਵਿੱਚ ਹੁਣ 26 ਅਕਤੂਬਰ ਤੱਕ ਕੰਮ ਨਹੀਂ ਹੋਏਗਾ। ਇਸ ਨਾਲ ਲੋਕਾਂ ਦੀਆਂ ਦਿੱਕਤਾਂ ਹੋਰ ਵਧ ਗਈਆਂ ਹਨ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀਐਸਐਮਐਸਯੂ) ਵੱਲੋਂ ਪਿਛਲੇ 11 ਦਿਨਾਂ ਤੋਂ ਹੜਤਾਲ ਕੀਤੀ ਜਾ ਰਹੀ ਹੈ। ਹੁਣ ਹੜਤਾਲ 26 ਅਕਤੂਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ।

ਜ਼ਿਲ੍ਹਾ ਲੁਧਿਆਣਾ ਸਥਿਤ ਵੱਖ-ਵੱਖ ਵਿਭਾਗਾਂ ਦੇ ਦਫ਼ਤਰੀ ਕਾਮਿਆਂ ਵੱਲੋਂ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਗਵ, ਜਨਰਲ ਸਕੱਤਰ ਲਖਵੀਰ ਸਿੰਘ ਗਰੇਵਾਲ ਤੇ ਵਿੱਤ ਸਕੱਤਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹਾ ਖਜ਼ਾਨਾ ਦਫ਼ਤਰ ਲੁਧਿਆਣਾ ਵਿੱਚ ਮੁਕੰਮਲ ਤੌਰ ਤੇ ਕਲਮ ਛੋੜ/ਕੰਪਿਊਟਰ ਬੰਦ ਕਰਦੇ ਹੋਏ ਹੜਤਾਲ ਕੀਤੀ ਤੇ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ।


ਇਹ ਵੀ ਪੜ੍ਹੋ : Drug Racket Cases : ਡਰੱਗਜ਼ ਰੈਕੇਟ ਮਾਮਲੇ 'ਚ ਮੋਗਾ ਰੇਡ ਕਰਨ ਗਈ ਪੁਲਿਸ 'ਤੇ ਤਸਕਰਾਂ ਨੇ ਚਲਾਈ ਗੋਲੀ, ਕਾਂਸਟੇਬਲ ਜ਼ਖਮੀ

ਇਸ ਮੌਕੇ ਸੰਜੀਵ ਭਾਰਗਵ ਤੇ ਵਧੀਕ ਜਨਰਲ ਸਕੱਤਰ ਅਮਿਤ ਅਰੋੜਾ ਨੇ ਕਿਹਾ ਕਿ ਮਾਨ ਸਰਕਾਰ ਮੁਲਾਜ਼ਮ ਵਿਰੋਧੀ ਰਵੱਈਆ ਅਪਨਾਉਂਦਿਆਂ ਮੰਗਾਂ ਨੂੰ ਦਰਕਿਨਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਸਾਰੇ ਵਿਭਾਗਾਂ ਦੇ ਦਫ਼ਤਰੀ ਕਾਮੇ ਪਿਛਲੇ 10 ਦਿਨਾਂ ਤੋਂ ਹੜਤਾਲ ਉਤੇ ਚੱਲ ਰਹੇ ਹਨ ਪਰ ‘ਆਪ’ ਸਰਕਾਰ ਆਪਣੇ ਸੂਬੇ ਵੱਲ ਧਿਆਨ ਦੇਣ ਦੀ ਬਜਾਏ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਖੇ ਹੋਣ ਵਾਲੀਆਂ ਚੋਣਾਂ ਵਿੱਚ ਰੁੱਝੀ ਹੋਈ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਨੇ ਵਾਅਦਾ ਖਿਲਾਫੀ ਵਿੱਚ ਪਿਛਲੀਆਂ ਸਾਰੀਆਂ ਸਰਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸੇ ਰੋਸ ਵਜੋਂ ਯੂਨੀਅਨ ਵੱਲੋਂ ਹੁਣ ਹੜਤਾਲ 26 ਅਕਤੂਬਰ ਤੱਕ ਵਧਾ ਦਿੱਤੀ ਹੈ। ਮੁਲਾਜ਼ਮ ਆਗੂ ਸੁਨੀਲ ਕੁਮਾਰ, ਤਜਿੰਦਰ ਸਿੰਘ ਢਿੱਲੋਂ, ਲਖਵੀਰ ਸਿੰਘ ਗਰੇਵਾਲ ਨੇ ਕਿਹਾ ਕਿ ਭਗਵੰਤ ਮਾਨ ਵਾਅਦੇ ਅਨੁਸਾਰ ਪੁਰਾਣੀ ਪੈਨਸ਼ਨ ਸਕੀਮ ਨੂੰ ਜਲਦ ਤੋਂ ਜਲਦ ਬਹਾਲ, ਪੇਅ ਕਮਿਸ਼ਨ ਦੇ ਅਨੁਸਾਰ ਬਣਦੇ ਬਕਾਏ ਤੇ ਪੇਅ ਕਮਿਸ਼ਨ ਦੀਆਂ ਕਮੀਆਂ ਨੂੰ ਦੂਰ ਕਰਕੇ ਸੋਧਿਆ ਹੋਇਆ ਪੇਅ ਕਮਿਸ਼ਨ, ਪਿਛਲੇ ਲੰਮੇ ਸਮੇਂ ਤੋਂ ਬਕਾਇਆ ਪਏ ਪਿਛਲੇ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ।

ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ਦੀ ਵਾਅਦਾਖ਼ਿਲਾਫ਼ੀ ਦੇ ਰੋਸ ਵਿੱਚ ਸੀਪੀਐੱਫ ਜੱਥੇਬੰਦੀ ਵੱਲੋਂ ਹਿਮਾਚਲ ਵਿਖੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ 29 ਅਕਤੂਬਰ ਨੂੰ ਭਰਵੀਂ ਰੈਲੀ ਕਰਕੇ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ।