ਖੰਨਾ 'ਚ ਅਕਾਲੀ ਦਲ ਇੰਚਾਰਜ ਦੀ ਗ੍ਰਿਫ਼ਤਾਰੀ: ਸੁਖਬੀਰ ਬਾਦਲ ਦਾ ਵੱਡਾ ਐਲਾਨ, 'ਆਪ' ਸਰਕਾਰ 'ਤੇ ਗੰਭੀਰ ਇਲਜ਼ਾਮ!
Ludhiana News: ਲੁਧਿਆਣਾ ਦੇ ਖੰਨਾ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ 'ਤੇ ਪੁਲਿਸ ਨੇ ਕਾਉਂਟਿੰਗ ਦੇ ਦੌਰਾਨ ਕੰਮ ਵਿੱਚ ਰੁਕਾਵਟ ਪਹੁੰਚਾਉਣ ਦੇ ਦੋਸ਼ ਐਫਆਈਆਰ ਦਰਜ ਕਰਵਾਈ।

Ludhiana News: ਲੁਧਿਆਣਾ ਦੇ ਖੰਨਾ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ 'ਤੇ ਪੁਲਿਸ ਨੇ ਕਾਉਂਟਿੰਗ ਦੇ ਦੌਰਾਨ ਕੰਮ ਵਿੱਚ ਰੁਕਾਵਟ ਪਹੁੰਚਾਉਣ ਦੇ ਦੋਸ਼ ਐਫਆਈਆਰ ਦਰਜ ਕਰਵਾਈ। ਪੁਲਿਸ ਨੇ ਯਾਦਵਿੰਦਰ ਯਾਦੂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।
ਸੁਖਬੀਰ ਬਾਦਲ ਨੂੰ ਯਾਦਵਿੰਦਰ ਯਾਦੂ ਅਤੇ ਅਕਾਲੀ ਵਰਕਰਾਂ ਵਿਰੁੱਧ ਪੁਲਿਸ ਕਾਰਵਾਈ ਦਾ ਵਿਰੋਧ ਕਰਨ ਲਈ ਖੰਨਾ ਪਹੁੰਚਣਾ ਸੀ। ਸੁਖਬੀਰ ਬਾਦਲ ਖੁਦ ਉੱਥੇ ਨਹੀਂ ਪਹੁੰਚੇ, ਪਰ ਉਨ੍ਹਾਂ ਨੇ ਅਕਾਲੀ ਦਲ ਦੇ ਸੀਨੀਅਰ ਵਕੀਲ ਅਰਸ਼ਦੀਪ ਸਿੰਘ ਕਲੇਰ ਨੂੰ ਕਾਨੂੰਨੀ ਸਹਾਇਤਾ ਲਈ ਖੰਨਾ ਭੇਜਿਆ। ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਉਹ ਖੰਨਾ ਪ੍ਰਸ਼ਾਸਨ ਅਤੇ ਪੁਲਿਸ ਦੀ ਇਸ ਕਾਰਵਾਈ ਵਿਰੁੱਧ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
ਕਲੇਰ ਨੇ ਕਿਹਾ ਮਨੀਸ਼ ਸਿਸੋਦੀਆ ਨੇ ਜਿਵੇਂ ਕਿਹਾ ਉਵੇਂ ਹੀ ਹੋਇਆ
ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮਨੀਸ਼ ਸਿਸੋਦੀਆ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਚੋਣ ਜਿੱਤਣ ਲਈ ਸਭ ਕੁਝ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਸਿਸੋਦੀਆ ਨੇ ਕਿਹਾ ਸੀ। ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਪਹਿਲਾਂ, ਵਿਰੋਧੀਆਂ ਨੂੰ ਕਾਗਜ਼ ਭਰਨ ਦੀ ਇਜਾਜ਼ਤ ਨਹੀਂ ਸੀ। ਫਿਰ, ਬੂਥਾਂ 'ਤੇ ਕਬਜ਼ਾ ਕਰ ਲਿਆ ਗਿਆ। ਹੁਣ, ਵੋਟਾਂ ਦੀ ਗਿਣਤੀ ਦੌਰਾਨ ਵੀ ਧੱਕਾ ਕੀਤਾ ਗਿਆ।
ਕਲੇਰ ਨੇ ਕਿਹਾ ਕਿ ਖੰਨਾ ਦੇ ਅਕਾਲੀ ਦਲ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੂੰ ਕਾਉਂਟਿੰਗ ਸੈਂਟਰ ਤੋਂ ਚੁੱਕ ਕੇ ਝੂਠਾ ਕੇਸ ਦਰਜ ਕੀਤਾ ਗਿਆ। ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਕਾਲੀ ਦਲ ਇਸ ਨੋਟਿਸ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਕਰੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਵੀ ਜਵਾਬਦੇਹ ਠਹਿਰਾਇਆ ਜਾਵੇਗਾ।
ਪੇਸ਼ੀ ਤੋਂ ਆਉਂਦਿਆਂ ਹੋਇਆਂ ਯਾਦੂ ਨੇ ਕਿਹਾ ਕਿ 'ਆਪ' ਸਰਕਾਰ ਗਿਣਤੀ ਦੌਰਾਨ ਆਪਣੀ ਹਾਰ ਤੋਂ ਦੁਖੀ ਸੀ। ਜਦੋਂ ਅਕਾਲੀ ਦਲ ਜਿੱਤ ਰਿਹਾ ਸੀ, ਤਾਂ ਨਤੀਜੇ ਰੋਕ ਦਿੱਤੇ ਗਏ ਸਨ। ਉਸਨੂੰ ਜ਼ਬਰਦਸਤੀ ਹਟਾ ਦਿੱਤਾ ਗਿਆ ਸੀ। ਯਾਦੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਅਤੇ ਐਸਡੀਐਮ ਵਿਚਾਲੇ ਦੂਰੀ ਲਗਭਗ 50 ਮੀਟਰ ਸੀ। ਉਨ੍ਹਾਂ ਨੇ ਕੋਈ ਦੁਰਵਿਵਹਾਰ ਨਹੀਂ ਕੀਤਾ ਅਤੇ ਨਾ ਹੀ ਕੋਈ ਰੁਕਾਵਟ ਪਾਈ। ਸਰਕਾਰ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ, ਜਿਸ ਦਾ ਜਵਾਬ ਲੋਕ 2027 ਵਿੱਚ ਦੇਣਗੇ।
ਯਾਦੂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਜੀਟੀ ਰੋਡ ਜਾਮ ਕਰ ਦਿੱਤਾ, ਜਿਸ ਕਾਰਨ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਯਾਦੂ ਅਤੇ ਉਸਦੇ ਸਾਥੀਆਂ ਵਿਰੁੱਧ ਸਿਟੀ ਪੁਲਿਸ ਸਟੇਸ਼ਨ 2 ਵਿੱਚ ਡਿਊਟੀ ਵਿੱਚ ਰੁਕਾਵਟ ਪਾਉਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਯਾਦੂ ਅਤੇ ਉਸਦੇ ਸਾਥੀਆਂ ਨੂੰ ਅੱਜ ਖੰਨਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਿਸ ਉਨ੍ਹਾਂ ਦਾ ਰਿਮਾਂਡ ਲੈਣ ਦੀ ਕੋਸ਼ਿਸ਼ ਕਰੇਗੀ।
ਉੱਥੇ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਖੰਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਯਾਦਵਿੰਦਰ ਸਿੰਘ ਯਾਦੂ ਨਾਲ ਪੰਜਾਬ ਪੁਲਿਸ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ 'ਤੇ ਜੋ ਅੱਜ ਧੱਕਾ ਕੀਤਾ ਗਿਆ ਹੈ ਇਸ ਨਾਲ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਦਬਾ ਨਹੀਂ ਸਕਦੇ। 'ਆਪ' ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤਣ ਲਈ ਪਹਿਲਾਂ ਨਾਮਜ਼ਦਗੀਆਂ ਨਹੀਂ ਭਰਨ ਦਿੱਤੀਆਂ, ਫਿਰ ਵੋਟਿੰਗ ਵਾਲੇ ਦਿਨ ਬੂਥਾਂ 'ਤੇ ਕਬਜ਼ੇ ਵੀ ਕੀਤੇ।
ਅੱਜ ਗਿਣਤੀ ਵਾਲੇ ਦਿਨ ਵੀ ਸਰਕਾਰ ਦੀ ਧੱਕੇਸ਼ਾਹੀ ਰੁਕ ਨਹੀਂ ਰਹੀ। ਮੈਂ ਭਗਵੰਤ ਮਾਨ ਅਤੇ ਉਸਦੇ ਸਾਰੇ ਸਾਥੀਆਂ ਸਮੇਤ ਇਸ ਸਿਆਸੀ ਬਦਲਾਖੋਰੀ ਵਾਲੇ ਗੈਰ ਸੰਵਿਧਾਨਿਕ ਹੁਕਮਾਂ ਨੂੰ ਲਾਗੂ ਕਰਨ ਵਾਲੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਜਿੰਨਾ ਜੋਰ ਲਾਉਣਾ ਹੈ ਲਾ ਲਓ, ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਹੁਣ ਦਬਣ ਵਾਲੇ ਨਹੀਂ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਤੂਫ਼ਾਨ ਤੁਹਾਡੇ ਕੋਲੋਂ ਹੁਣ ਰੁਕਣਾ ਹੈ।
ਖੰਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਯਾਦਵਿੰਦਰ ਸਿੰਘ ਯਾਦੂ ਨਾਲ ਪੰਜਾਬ ਪੁਲਿਸ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ 'ਤੇ ਜੋ ਅੱਜ ਧੱਕਾ ਕੀਤਾ ਗਿਆ ਹੈ ਇਸ ਨਾਲ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਦਬਾ ਨਹੀਂ ਸਕਦੇ।
— Sukhbir Singh Badal (@officeofssbadal) December 17, 2025
'ਆਪ' ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤਣ ਲਈ ਪਹਿਲਾਂ ਨਾਮਜ਼ਦਗੀਆਂ ਨਹੀਂ ਭਰਨ ਦਿੱਤੀਆਂ,… pic.twitter.com/ieuYVpEerz






















