Ludhiana News: ਵਿਦੇਸ਼ ਲਿਜਾਣ ਦੇ ਨਾਂ ਉਪਰ ਠੱਗੀਆਂ ਦੇ ਮਾਮਲੇ ਦਿਨੋਂ-ਦਿਨ ਵਧ ਰਹੇ ਹਨ। ਤਾਜ਼ਾ ਮਾਮਲਾ ਲੁਧਿਆਣਾ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ। ਇੱਥੇ ਇੱਕ ਲੜਕੀ ਉਪਰ ਆਸਟੇਰਲੀਆ ਲਿਜਾਣ ਦਾ ਲਾਰਾ ਲਾ ਕੇ 70 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਲੜਕੀ ਤੇ ਉਸ ਦੇ ਪਰਿਵਾਰ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 


ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ (ਦਿਹਾਤੀ) ਪੁਲਿਸ ਦੇ ਜ਼ਿਲ੍ਹਾ ਮੁਖੀ ਨਵਨੀਤ ਸਿੰਘ ਬੈਂਸ ਦੇ ਹੁਕਮਾਂ ’ਤੇ ਥਾਣਾ ਸੁਧਾਰ ਦੀ ਪੁਲਿਸ ਨੇ ਪਿੰਡ ਗੋਂਦਵਾਲ ਵਾਸੀ ਆਸਟਰੇਲੀਆ ਵਿੱਚ ਪੜ੍ਹਾਈ ਕਰਦੀ ਆਕਾਸ਼ਦੀਪ ਕੌਰ, ਉਸ ਦੇ ਪਿਤਾ ਭੁਪਿੰਦਰ ਸਿੰਘ ਤੇ ਮਾਤਾ ਨਛੱਤਰ ਕੌਰ ਖ਼ਿਲਾਫ਼ ਪਿੰਡ ਰਾਜੋਆਣਾ ਖ਼ੁਰਦ ਵਾਸੀ ਮਨਜਿੰਦਰ ਸਿੰਘ ਦੀ ਸ਼ਿਕਾਇਤ ’ਤੇ 70 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। 


ਜਾਂਚ ਅਫ਼ਸਰ ਥਾਣੇਦਾਰ ਜਸਵਿੰਦਰ ਸਿੰਘ ਮੁਤਾਬਕ ਮਨਜਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰਾਜੋਆਣਾ ਖ਼ੁਰਦ ਨੇ ਸ਼ਿਕਾਇਤ ਦੀ ਪੜਤਾਲ ਪੁਲਿਸ ਕਪਤਾਨ (ਸਥਾਨਕ) ਮਨਵਿੰਦਰਬੀਰ ਸਿੰਘ ਵੱਲੋਂ ਕੀਤੀ ਗਈ ਹੈ। ਤੱਥਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮਾਂ ’ਤੇ ਲੜਕੀ ਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਲਈ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ। 


ਜਾਂਚ ਅਫ਼ਸਰ ਜਸਵਿੰਦਰ ਸਿੰਘ ਮੁਤਾਬਕ ਆਕਾਸ਼ਦੀਪ ਕੌਰ ਪਹਿਲਾਂ ਇੱਕ ਹੋਰ ਲੜਕੇ ਨਾਲ ਵਿਆਹ ਕਰਵਾ ਕੇ 2016 ਵਿੱਚ ਆਸਟਰੇਲੀਆ ਪੜ੍ਹਾਈ ਲਈ ਗਈ ਸੀ ਪਰ ਉਨ੍ਹਾਂ ਵੱਲੋਂ ਫ਼ੀਸਾਂ ਨਾ ਦੇਣ ਕਾਰਨ ਉਸ ਲੜਕੇ ਨਾਲ ਆਸਟਰੇਲੀਆ ਵਿੱਚ ਹੀ ਤਲਾਕ ਹੋ ਗਿਆ ਸੀ। ਤਲਾਕ ਦਾ ਕੇਸ ਲੜਨ ਤੇ ਪੜ੍ਹਾਈ ਲਈ ਖਰਚਾ ਮਨਜਿੰਦਰ ਸਿੰਘ ਦੀ ਆਸਟਰੇਲੀਆ ਰਹਿੰਦੀ ਕਰੀਬੀ ਰਿਸ਼ਤੇਦਾਰ ਵੱਲੋਂ ਕੀਤਾ ਗਿਆ ਸੀ। 


ਇਸ ਤਰ੍ਹਾਂ 70 ਲੱਖ ਦੇ ਕਰੀਬ ਅਦਾਇਗੀ ਦੇ ਬਾਵਜੂਦ ਆਕਾਸ਼ਦੀਪ ਕੌਰ ਵੱਲੋਂ ਮਨਜਿੰਦਰ ਸਿੰਘ ਨੂੰ ਆਸਟਰੇਲੀਆ ਬੁਲਾਉਣ ਲਈ ਲਾਈ ਫਾਈਲ ਵਿੱਚ ਜਾਣਬੁੱਝ ਕੇ ਸਹੀ ਕਾਗ਼ਜ਼ਾਤ ਨਹੀਂ ਲਾਏ ਗਏ, ਜਿਸ ਕਾਰਨ ਮਨਜਿੰਦਰ ਸਿੰਘ ਦੀ ਵੀਜ਼ਾ ਅਰਜ਼ੀ ਅਸਵੀਕਾਰ ਹੋ ਗਈ। ਆਕਾਸ਼ਦੀਪ ਕੌਰ ਦੇ ਪਰਿਵਾਰ ਵੱਲੋਂ ਲਾਰੇਬਾਜ਼ੀ ਕਾਰਨ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਾਂਚ ਅਫ਼ਸਰ ਨੇ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।