Ludhiana News: ਪੰਜਾਬੀ ਲੋਕ ਵਿਰਾਸਤ ਅਕੈਡਮੀ ਵੱਲੋਂ ਦੋ ਪਰਵਾਸੀ ਕਲਾਕਾਰਾਂ ਦਾ ਸਨਮਾਨ, ਜਾਣੋ ਜਾਣਕਾਰੀ
ਸੁਰਜੀਤ ਮਾਧੋਪੁਰੀ 1975 ਵਿੱਚ ਜਾਣ ਤੋਂ ਪਹਿਲਾਂ ਪੰਜਾਬ ਵਿੱਚ ਨਾਮਵਰ ਗਾਇਕ ਸਨ ਜਿੰਨ੍ਹਾਂ ਨੇ ਸ਼੍ਰੀਮਤੀ ਨਰਿੰਦਰ ਬੀਬਾ ਤੇ ਸਵਰਨ ਲਤਾ ਜੀ ਨਾਲ ਮੰਚ ਸਾਂਝੇ ਕੀਤੇ। ਉਹ ਕੈਨੇਡਾ ਪਰਵਾਸ ਕਰ ਕੇ ਵੀ ਹੁਣ ਤੀਕ ਸਭਿਆਚਾਰਕ ਸਰਗਰਮੀਆਂ ਦੇ ਰੂਹ ਏ ਰਵਾਂ ਹਨ।
Ludhiana News: ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਕੈਨੇਡਾ ਦੇ ਸ਼ਹਿਰਾਂ ਵੈਨਕੁਵਰ ਤੇ ਟੋਰੰਟੋ ਵੱਸਦੇ ਦੋ ਪਰਵਾਸੀ ਕਲਾਕਾਰਾਂ ਸੁਰਜੀਤ ਮਾਧੋਪੁਰੀ ਤੇ ਸਤਿੰਦਰਪਾਲ ਸਿੰਘ ਸਿੱਧਵਾਂ ਨੂੰ ਉਨ੍ਹਾਂ ਦੀਆਂ ਪੰਜਾਬੀ ਵਿਰਾਸਤ, ਸੱਭਿਆਚਾਰ ਅਤੇ ਸਾਹਿੱਤ ਪਸਾਰ ਦੇ ਖੇਤਰ ਵਿੱਚ ਕੀਤੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।
ਦੋਹਾਂ ਕਲਾਕਾਰਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਹ ਦੋਵੇਂ ਕਲਾਕਾਰ ਵੀਰ ਮੈਨੂੰ ਪੰਜਾਹ ਸਾਲ ਪਹਿਲਾਂ ਲੁਧਿਆਣਾ ਵਿੱਚ ਹੀ ਸ਼ਮਸ਼ੇਰ ਸਿੰਘ ਸੰਧੂ ਤੇ ਕੁਝ ਹੋਰ ਦੋਸਤਾਂ ਨਾਲ ਮਿਲੇ ਸਾਂ। ਅਸੀਂ ਸਾਰੇ ਉਸ ਵਕਤ ਆਪੋ ਆਪਣੀ ਪਛਾਣ ਲਈ ਸੰਘਰ਼ਸ਼ ਕਰ ਰਹੇ ਸਾਂ ਮੈਨੂੰ ਮਾਣ ਹੈ ਕਿ ਅਸੀਂ ਅੱਜ ਵੀ ਇੱਕ ਕਾਫ਼ਲੇ ਵਾਂਗ ਇਕੱਠੇ ਤੁਰ ਰਹੇ ਹਾਂ।
ਸੁਰਜੀਤ ਮਾਧੋਪੁਰੀ 1975 ਵਿੱਚ ਜਾਣ ਤੋਂ ਪਹਿਲਾਂ ਪੰਜਾਬ ਵਿੱਚ ਨਾਮਵਰ ਗਾਇਕ ਸਨ ਜਿੰਨ੍ਹਾਂ ਨੇ ਸ਼੍ਰੀਮਤੀ ਨਰਿੰਦਰ ਬੀਬਾ ਤੇ ਸਵਰਨ ਲਤਾ ਜੀ ਨਾਲ ਮੰਚ ਸਾਂਝੇ ਕੀਤੇ। ਉਹ ਕੈਨੇਡਾ ਪਰਵਾਸ ਕਰ ਕੇ ਵੀ ਹੁਣ ਤੀਕ ਸਭਿਆਚਾਰਕ ਸਰਗਰਮੀਆਂ ਦੇ ਰੂਹ ਏ ਰਵਾਂ ਹਨ।
ਸਤਿੰਦਰਪਾਲ ਸਿੰਘ ਸਿੱਧਵਾਂ ਗੁਰੂ ਨਾਨਕ ਇੰਜਨੀਅਰਿੰਗ ਕਾਲਿਜ ਵਿੱਚ ਪੜ੍ਹਨ ਵੇਲੇ ਤੋਂ ਸਾਡੇ ਸੰਪਰਕ ਚ ਹਨ ਅਤੇ ਆਪਣੇ ਪਿਤਾ ਜੀ ਰਣਜੀਤ ਸਿੰਘ ਸਿੱਧਵਾਂ ਨਾਲ ਮਿਲ ਕੇ ਆਪ ਨੇ ਸਿੱਧਵਾਂ ਕਾਲਿਜ ਵਾਲਾ ਢਾਡੀ ਜਥਾ ਬਣਾਇਆ। ਸ ਰਣਜੀਤ ਸਿੰਘ ਸਿੱਧਵਾਂ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਜੀ ਦੇ ਸੰਗੀ ਗਾਇਕ ਸਨ। ਸਤਿੰਦਰਪਾਲ ਸਿੰਘ ਸਿੱਧਵਾਂ ਨੂੰ ਪ੍ਰੋ. ਮੋਹਨ ਸਿੰਘ ਮੇਲੇ ਦੇ ਆਰੰਭਲੇ ਸਾਲਾਂ ਵਿੱਚ ਮੰਚ ਸੰਚਾਲਕ ਹੋਣ ਦਾ ਵੀ ਮਾਣ ਮਿਲਿਆ। ਟੋਰੰਟੋ ਵਿੱਚ ਪੰਜਾਬੀ ਲਹਿਰਾਂ ਰੇਡੀਉ ਚਾ ਰਹੇ ਸਃ ਸਿੱਧਵਾਂ ਹੁਣ ਵੀ ਉਥੋਂ ਦੀ ਸੱਭਿਆਚਾਰਕ ਜ਼ਿੰਦਗੀ ਵਿੱਚ ਰੌਸ਼ਨ ਮੀਨਾਰ ਵਾਂਗ ਅਡੋਲ ਖੜ੍ਹੇ ਹਨ।
ਸੁਰਜੀਤ ਸਿੰਘ ਮਾਧੋਪੁਰੀ ਤੇ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਉਨ੍ਹਾਂ ਦੇ ਕੀਤੇ ਕੰਮ ਦਾ ਸਤਿਕਾਰ ਕੀਤਾ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਤੇ ਤ੍ਰੈਲੋਚਨ ਲੋਚੀ ਨੇ ਵੀ ਦੋਹਾ ਸਾਹਿੱਤ ਤੇ ਸੱਭਿਆਚਾਰ ਦੇ ਕਾਮਿਆਂ ਦੇ ਸਨਮਾਨ ਵਿੱਚ ਕੁਝ ਸ਼ਬਦ ਕਹੇ। ਇਸ ਮੌਕੇ ਉੱਘੇ ਕਵੀ ਮਨਜਿੰਦਰ ਧਨੋਆ,ਲੋਕ ਗਾਇਕ ਬਿੱਟੂ ਖੰਨੇਵਾਲਾ, ਜਸਬੀਰ ਸਿੰਘ ਢਿੱਲੋਂ (ਚਹਿਲਾਂ- ਅਮਲੋਹ)ਰਾਣਾ ਭੱਟੀ ਐਬਟਸਫੋਰਡ(ਕੈਨੇਡਾ) ਤੇ ਰਾਜਿੰਦਰ ਸਿੰਘ ਸੰਧੂ ਵੀ ਹਾਜ਼ਰ ਸਨ।