AI ਨਾਲ ਹੁਣ ਪੇਟ ਦਾ CT ਸਕੈਨ! ਪੰਜਾਬੀ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਦੀ ਵੱਡੀ ਖੋਜ, ਮੈਡੀਕਲ ਦੇ ਖੇਤਰ ਇਮੇਜਿੰਗ 'ਚ ਕ੍ਰਾਂਤੀ, ਜਾਨ ਬਚਾਉਣ 'ਚ ਮਦਦਗਾਰ!
ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਤਾਜ਼ਾ ਖੋਜ ਨੇ ਇੱਕ ਉੱਚ-ਗੁਣਵੱਤਾ ਮੈਡੀਕਲ ਇਮੇਜਿੰਗ ਤਕਨਾਲੋਜੀ ਵਿਕਸਿਤ ਕੀਤੀ ਹੈ ਜੋ ਮਨੁੱਖੀ ਅੰਗਾਂ ਦੀ ਪਛਾਣ ਕਰਨ ਦੀ ਸ਼ੁੱਧਤਾ ਵਿੱਚ ਮਹੱਤਵਪੂਰਨ ਸੁਧਾਰ ਕਰ ਸਕਦੀ ਹੈ।

ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਤਾਜ਼ਾ ਖੋਜ ਨੇ ਇੱਕ ਉੱਚ-ਗੁਣਵੱਤਾ ਮੈਡੀਕਲ ਇਮੇਜਿੰਗ ਤਕਨਾਲੋਜੀ ਵਿਕਸਿਤ ਕੀਤੀ ਹੈ ਜੋ ਮਨੁੱਖੀ ਅੰਗਾਂ ਦੀ ਪਛਾਣ ਕਰਨ ਦੀ ਸ਼ੁੱਧਤਾ ਵਿੱਚ ਮਹੱਤਵਪੂਰਨ ਸੁਧਾਰ ਕਰ ਸਕਦੀ ਹੈ।
ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਤੋਂ ਡਾ. ਨਵਜੋਤ ਕੌਰ ਅਤੇ ਡਾ. ਨਿਰਵੈਰ ਨੀਰੂ ਦੀ ਅਗਵਾਈ ਹੇਠ ਰਿਸਰਚਾਰਥੀ ਡਾ. ਹਰਿੰਦਰ ਕੌਰ ਵੱਲੋਂ ਕੀਤਾ ਗਿਆ ਇਹ ਅਧਿਐਨ ‘ਪੇਟ ਦੇ CT ਸਕੈਨ ਚਿੱਤਰਾਂ ਰਾਹੀਂ ਇੱਕ ਤੋਂ ਵੱਧ ਅੰਗਾਂ ਦੀ ਪਛਾਣ’ ਨਾਲ ਸੰਬੰਧਿਤ ਹੈ। ਇਹ ਤਕਨੀਕ ਜਟਿਲ ਕਿਸਮ ਦੇ CT ਸਕੈਨਾਂ ਵਿੱਚ ਅੰਗਾਂ ਦੀਆਂ ਹੱਦਾਂ ਨੂੰ ਸਾਫ਼ ਤਰੀਕੇ ਨਾਲ ਪਛਾਣਨ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਦਾ ਪ੍ਰਭਾਵਸ਼ਾਲੀ ਹੱਲ ਪੇਸ਼ ਕਰਦੀ ਹੈ।
ਦੋ-ਪੜਾਅੀ AI ਤਕਨੀਕ ਨਾਲ ਹੋਰ ਸਹੀ ਨਤੀਜੇ
ਸ਼ੋਧਾਰਥੀ ਡਾ. ਹਰਿੰਦਰ ਕੌਰ ਨੇ ਦੱਸਿਆ ਕਿ ਇਹ ਰਿਸਰਚ ਇੱਕ ਨਵੀਂ ਦੋ-ਪੜਾਅੀ ਵਿਧੀ ਪੇਸ਼ ਕਰਦੀ ਹੈ, ਜੋ ਇਸ ਖੇਤਰ ਵਿੱਚ ਪਹਿਲਾਂ ਮੌਜੂਦ ਕਈ ‘ਡੀਪ ਲਰਨਿੰਗ’ ਮਾਡਲਾਂ ਨਾਲੋਂ ਕਾਫ਼ੀ ਬਿਹਤਰ ਨਤੀਜੇ ਦਿੰਦੀ ਹੈ। ਉਨ੍ਹਾਂ ਮੁਤਾਬਕ, ਇਸ ਤਕਨੀਕ ਦੇ ਪਹਿਲੇ ਪੜਾਅ ਵਿੱਚ ਅੰਗਾਂ (ਜਿਵੇਂ ਕਿ ਜਿਗਰ, ਏਓਰਟਾ ਅਤੇ ਤਿਲੀ) ਦੇ ਸੁਖਮ ਆਕਾਰ ਅਤੇ ਹੱਦਾਂ ਨੂੰ ਸੁਰੱਖਿਅਤ ਰੱਖਦੇ ਹੋਏ ਸੰਬੰਧਤ ਤਸਵੀਰ ਦੇ ਕੰਟ੍ਰਾਸਟ ਨੂੰ ਕਾਫ਼ੀ ਵਧਾਇਆ ਜਾਂਦਾ ਹੈ। ਇਸ ਲਈ ‘ਵੇਟਿਡ ਗ੍ਰੇ ਵੁਲਫ ਆਪਟੀਮਾਈਜ਼ੇਸ਼ਨ’ (GWO) ਐਲਗੋਰਿਦਮ ਦੀ ਵਰਤੋਂ ਕੀਤੀ ਗਈ ਹੈ। ਦੂਜੇ ਪੜਾਅ ਵਿੱਚ ‘ਐਕਸ-ਡੈਂਸਨੈੱਟ’ ਆਰਕੀਟੈਕਚਰ ਵਰਤਿਆ ਗਿਆ ਹੈ, ਜੋ ਸਿਸਟਮ ਨੂੰ ਅੰਗਾਂ ਦੀਆਂ ਅੰਦਰੂਨੀ ਵਿਸ਼ੇਸ਼ਤਾਵਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਬਹੁਤ ਹੀ ਸਹੀ ਅਤੇ ਬਿਹਤਰ ਨਤੀਜੇ ਸਾਹਮਣੇ ਆਉਂਦੇ ਹਨ।
ਡਾ. ਨਵਜੋਤ ਕੌਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਿਆਰੀ ਡਾਟਾਸੈੱਟਾਂ (FLAIR-22 ਅਤੇ BTCV) ਨਾਲ ਤੁਲਨਾ ਕਰਨ ’ਤੇ ਇਸ ਤਕਨੀਕ ਨੇ ਬਹੁਤ ਸ਼ਾਨਦਾਰ ਨਤੀਜੇ ਦਿੱਤੇ ਹਨ। ਏਓਰਟਾ ਦੀ ਪਛਾਣ ਵਿੱਚ ਇਸ ਤਕਨੀਕ ਨੇ 0.9938 ਦਾ ਸਕੋਰ ਹਾਸਲ ਕੀਤਾ ਹੈ, ਜੋ ਮੌਜੂਦਾ ‘ਡਿਫਿਊਜ਼ਨ ਮਾਡਲ’ ਨਾਲੋਂ ਵੀ ਕਾਫ਼ੀ ਵੱਧ ਹੈ। ਇਸੇ ਤਰ੍ਹਾਂ ਤਿਲੀ (ਪਲੀਹਾ) ਦੀ ਪਛਾਣ ਵਿੱਚ ਵੀ 0.9833 ਦਾ ਉੱਚ ਸਕੋਰ ਦਰਜ ਕੀਤਾ ਗਿਆ ਹੈ। ਡਾ. ਨਿਰਵੈਰ ਨੀਰੂ ਨੇ ਜਾਣਕਾਰੀ ਦਿੱਤੀ ਕਿ ਇਸ ਰਿਸਰਚ ਨੂੰ ਪਹਿਲਾਂ ਹੀ ਅੰਤਰਰਾਸ਼ਟਰੀ ਪੱਧਰ ’ਤੇ ਮਾਣਤਾ ਮਿਲ ਚੁੱਕੀ ਹੈ। ਇਹ ਖੋਜ ਕੰਮ ਉੱਚ ਮਿਆਰ ਵਾਲੇ ਜਰਨਲ ‘ਡਿਸਪਲੇਜ਼’ (Elsevier, SCI-Indexed), ਸਕੋਪਸ-ਇੰਡੈਕਸਡ ਜਰਨਲਾਂ ਅਤੇ ਕਈ IEEE ਕਾਨਫਰੰਸਾਂ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਮੈਡੀਕਲ ਏਆਈ ਦੇ ਖੇਤਰ ਵਿੱਚ ਦਿੱਤੇ ਗਏ ਇਸ ਮਹੱਤਵਪੂਰਨ ਯੋਗਦਾਨ ਲਈ ਰਿਸਰਚ ਟੀਮ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਯੂਨੀਵਰਸਿਟੀ ਦੇ ਖੋਜਕਾਰ ਮੈਡੀਕਲ ਇਮੇਜਿੰਗ ਇਨੋਵੇਸ਼ਨ ਵਰਗੇ ਖੇਤਰਾਂ ਵਿੱਚ ਵੀ ਸੰਸਥਾ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪੰਜਾਬੀ ਯੂਨੀਵਰਸਿਟੀ ਅਜਿਹੀ ਖੋਜ ਲਈ ਵਚਨਬੱਧ ਹੈ ਜੋ ਹਕੀਕਤੀ ਜੀਵਨ ’ਚ ਪ੍ਰਭਾਵ ਪੈਦਾ ਕਰੇ। ਉਨ੍ਹਾਂ ਅਨੁਸਾਰ, ਇਹ ਤਕਨੀਕ ਰੇਡੀਓਲੋਜਿਸਟਾਂ ਨੂੰ ਤੇਜ਼ੀ ਨਾਲ ਅਤੇ ਜਾਨ ਬਚਾਉਣ ਵਾਲੇ ਫ਼ੈਸਲੇ ਲੈਣ ਵਿੱਚ ਵੱਡੀ ਮਦਦ ਕਰੇਗੀ।






















