Patiala News: ਬੱਚਿਆਂ ਦਾ ਵਪਾਰ! ਸਸਤੇ ਭਾਅ ਖਰੀਦ ਕੇ ਅੱਗੇ ਲੱਖਾਂ ਰੁਪਏ 'ਚ ਵੇਚਦੇ ਸੀ ਬੱਚੇ
Patiala News: ਪਟਿਆਲਾ ਵਿੱਚ ਬੱਚਿਆਂ ਦਾ ਵਪਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਲੋਕ ਸਸਤੇ ਭਾਅ ਬੱਚੇ ਖਰੀਦ ਕੇ ਅੱਗੋਂ ਮੋਟੀ ਕਮਾਈ ਕਰਦੇ ਸੀ। ਇਸ ਗਰੋਹ ਦਾ ਖੁਲਾਸਾ ਪੁਲਿਸ ਨੇ ਕੀਤਾ ਹੈ। ਪੁਲਿਸ ਨੇ ਗਰੀਬ ਪਰਿਵਾਰਾਂ ਤੋਂ ਨਵਜੰਮੇ ਬੱਚੇ..
Patiala News: ਪਟਿਆਲਾ ਵਿੱਚ ਬੱਚਿਆਂ ਦਾ ਵਪਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਲੋਕ ਸਸਤੇ ਭਾਅ ਬੱਚੇ ਖਰੀਦ ਕੇ ਅੱਗੋਂ ਮੋਟੀ ਕਮਾਈ ਕਰਦੇ ਸੀ। ਇਸ ਗਰੋਹ ਦਾ ਖੁਲਾਸਾ ਪੁਲਿਸ ਨੇ ਕੀਤਾ ਹੈ। ਪੁਲਿਸ ਨੇ ਗਰੀਬ ਪਰਿਵਾਰਾਂ ਤੋਂ ਨਵਜੰਮੇ ਬੱਚੇ ਖ਼ਰੀਦ ਕੇ ਅੱਗੇ ਮਹਿੰਗੇ ਭਾਅ ਵੇਚਣ ਵਾਲੇ ਅੰਤਰਰਾਜੀ ਗਰੋਹ ਨੂੰ ਬੇਨਕਾਬ ਕੀਤਾ ਹੈ। ਇਸ ਦੌਰਾਨ ਦੋ ਨਵਜੰਮੇ ਬੱਚੇ ਵੀ ਬਰਾਮਦ ਕੀਤੇ ਗਏ ਹਨ।
ਇੱਕ ਬੱਚੇ ਦੀ ਮਾਂ ਸਮੇਤ ਕੁਝ ਵਿਅਕਤੀਆਂ ਨੂੰ ਇਨ੍ਹਾਂ ਬੱਚਿਆਂ ਦੀ ਸੌਦੇਬਾਜ਼ੀ ਕਰਦਿਆਂ, ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੇ ਕਬਜ਼ੇ ਵਿੱਚੋਂ ਬੱਚਿਆਂ ਦੀ ਖਰੀਦੋ-ਫਰੋਖ਼ਤ ਲਈ ਵਰਤੀ ਜਾ ਰਹੀ ਚਾਰ ਲੱਖ ਰੁਪਏ ਦੀ ਰਾਸ਼ੀ ਵੀ ਬਰਾਮਦ ਹੋਈ ਹੈ। ਇਸ ਗਰੋਹ ਵੱਲੋਂ ਵਰਤੀ ਜਾਂਦੀ ਐਂਬੂਲੈਂਸ ਸਮੇਤ ਦੋ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਆਈਪੀਐਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਤਿੰਨ ਔਰਤਾਂ ਸਣੇ ਕੁੱਲ ਸੱਤ ਜਣਿਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਵਾਸੀ ਆਲੋਵਾਲ ਜ਼ਿਲ੍ਹਾ ਪਟਿਆਲਾ, ਹਰਪ੍ਰੀਤ ਸਿੰਘ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ, ਚੰਡੀਗੜ੍ਹ ਰਹਿਣ ਵਾਲਾ ਸੁਖਵਿੰਦਰ ਸਿੰਘ ਜ਼ਿਲ੍ਹਾ ਮੁਕਤਸਰ, ਲਲਿਤ ਕੁਮਾਰ ਸੁਨਾਮ ਸਮੇਤ ਭੁਪਿੰਦਰ ਕੌਰ ਤ੍ਰਿਪੜੀ ਤੇ ਅਮਨਦੀਪ ਕੌਰ ਆਨੰਦ ਨਗਰ ਪਟਿਆਲਾ ਸ਼ਾਮਲ ਹਨ। ਆਪਣਾ ਤਿੰਨ ਚਾਰ ਦਿਨਾਂ ਦਾ ਬੱਚਾ/ਪੁੱਤ ਵੇਚਦਿਆਂ, ਰੰਗੇ ਹੱਥੀਂ ਫੜੀ ਗਈ ਸੁਨਾਮ ਵਾਸੀ ਸਜੀਤਾ ਮੂਲ ਰੂਪ ’ਚ ਬਿਹਾਰ ਦੀ ਰਹਿਣ ਵਾਲੀ ਹੈ।
ਐਸਐਸਪੀ ਨੇ ਦੱਸਿਆ ਕਿ ਬਾਕੀ ਛੇ ਜਣੇ ਗਰੋਹ ਮੈਂਬਰ ਹਨ। ਇਸ ਗਰੋਹ ਵੱਲੋਂ 50 ਹਜ਼ਾਰ ਤੋਂ ਦੋ ਢਾਈ ਲੱਖ ਵਿੱਚ ਖ਼ਰੀਦਿਆ ਨਵਜਾਤ ਬੱਚਾ ਅੱਗੇ ਗਾਹਕ ਦੀ ਹੈਸੀਅਤ ਮੁਤਾਬਕ ਕਈ-ਕਈ ਲੱਖ ਵਿੱਚ ਵੇਚਿਆ ਜਾਂਦਾ ਹੈ। ਮੁਢਲੀ ਤਫਤੀਸ਼ ’ਚ ਗਰੋਹ ਨੇ ਵੱਖ-ਵੱਖ ਸੂਬਿਆਂ ਵਿਚ ਛੇ ਸੱਤ ਬੱਚੇ ਵੇਚੇ ਹੋਣ ਦੀ ਗੱਲ ਕਬੂਲੀ ਹੈ। ਬਰਾਮਦ ਕੀਤੇ ਗਏ ਦੋ ਮਾਸੂਮ ਇਨ੍ਹਾਂ ਤੋਂ ਵੱਖਰੇ ਹਨ।
ਇਨ੍ਹਾਂ ਨੇ ਸਜੀਤਾ ਕੋਲੋਂ ਚਾਰ ਦਿਨਾਂ ਦਾ ਬੇਟਾ ਢਾਈ ਲੱਖ ਵਿੱਚ ਖਰੀਦਿਆ ਸੀ, ਜੋ ਅੱਗੇ ਚੰਡੀਗੜ੍ਹ ਰਹਿੰਦੇ ਸੁਖਵਿੰਦਰ ਸਿੰਘ ਨੂੰ ਚਾਰ ਲੱਖ ’ਚ ਦੇਣਾ ਸੀ। ਗਰੋਹ ਦੇ ਕਬਜ਼ੇ ਵਿਚੋਂ ਹੀ ਬਰਾਮਦ ਕੀਤਾ ਗਿਆ ਚਾਰ ਪੰਜ ਦਿਨਾਂ ਦਾ ਇਕ ਹੋਰ ਲੜਕਾ ਇਨ੍ਹਾਂ ਨੇ ਨਾਭਾ ਤੋਂ ਖ਼ਰੀਦਿਆ ਸੀ। ਐਸਐਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਵੇਚਣ ਵਾਲੇ ਮਾਪਿਆਂ ਸਮੇਤ ਇਨ੍ਹਾਂ ਮਸੂਮਾਂ ਨੂੰ ਖਰੀਦਣ ਵਾਲੇ ਪਰਿਵਾਰਾਂ ਨੂੰ ਵੀ ਇਸ ਕੇਸ ’ਚ ਨਾਮਜ਼ਦ ਕੀਤਾ ਜਾਵੇਗਾ।