Punjabi Language: ਸਿੱਖਿਆ ਸੰਸਥਾਵਾਂ ਨੂੰ CM ਦੀ ਚੇਤਾਵਨੀ, ਪੰਜਾਬੀ ਬੋਲਣ ’ਤੇ ਰੋਕ ਜਾਂ ਜੁਰਮਾਨੇ ਲਾਏ ਤਾਂ ਮਾਨਤਾ ਰੱਦ
ਕੁੱਝ ਸਿੱਖਿਆ ਸੰਸਥਾਵਾਂ ਆਪਣੇ ਕੈਂਪਸਾਂ ਵਿੱਚ ਪੰਜਾਬੀ ਬੋਲਣ ਉਤੇ ਜੁਰਮਾਨੇ ਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਗੈਰ-ਵਾਜਬ ਹੈ ਕਿਉਂਕਿ ਸੂਬੇ ਵਿੱਚ ਰਹਿੰਦੇ ਸਾਰੇ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਹੈ।
Patiala News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਜਿਹੜੀਆਂ ਸਿੱਖਿਆ ਸੰਸਥਾਵਾਂ ਆਪਣੇ ਕੈਂਪਸ ਵਿੱਚ ਪੰਜਾਬੀ ਭਾਸ਼ਾ ਬੋਲਣ ਉਤੇ ਪਾਬੰਦੀ ਲਾਉਣਗੀਆਂ, ਉਨ੍ਹਾਂ ਵਿਰੁੱਧ ਸੂਬਾ ਸਰਕਾਰ ਕਰੜੀ ਕਾਰਵਾਈ ਕਰੇਗੀ।
ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਦੇ ਆਖ਼ਰੀ ਦਿਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਸਿੱਖਿਆ ਸੰਸਥਾਵਾਂ ਆਪਣੇ ਕੈਂਪਸਾਂ ਵਿੱਚ ਪੰਜਾਬੀ ਬੋਲਣ ਉਤੇ ਜੁਰਮਾਨੇ ਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਗੈਰ-ਵਾਜਬ ਹੈ ਕਿਉਂਕਿ ਸੂਬੇ ਵਿੱਚ ਰਹਿੰਦੇ ਸਾਰੇ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਹੈ। ਭਗਵੰਤ ਮਾਨ ਨੇ ਅਜਿਹੀਆਂ ਸਿੱਖਿਆ ਸੰਸਥਾਵਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਅਜਿਹੇ ਜੁਰਮਾਨੇ ਲਾਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਦਮ ਚੁੱਕਿਆ ਜਾਵੇਗਾ।
Addressing the gathering during inter-university youth festival here at Punjabi University, Chief Minister @BhagwantMann said that the state government will take severe action against the educational institutions found discouraging the use of Punjabi language in their campuses. pic.twitter.com/5sVfpl16As
— Government of Punjab (@PunjabGovtIndia) December 12, 2022
ਪੰਜਾਬ ਨੂੰ ਦੁਨੀਆ ਭਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਨੌਜਵਾਨਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਅਤੇ ਪੰਜਾਬ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਕੋਲ ਨੌਜਵਾਨਾਂ ਦੀ ਅਥਾਹ ਤਾਕਤ ਤੇ ਹੁਨਰ ਦਾ ਭੰਡਾਰ ਹੈ, ਜਿਹੜਾ ਸਮਾਜ ਵਿੱਚ ਉਸਾਰੂ ਤਬਦੀਲੀ ਲਿਆਉਣ ਲਈ ਹਮੇਸ਼ਾ ਪ੍ਰੇਰਕ ਵਜੋਂ ਕੰਮ ਕਰਦਾ ਹੈ।
ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਨੌਜਵਾਨ ਸੂਬੇ ਤੇ ਸਮਾਜ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਉਸਾਰੂ ਯੋਗਦਾਨ ਪਾਉਣ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਭਲਾਈ ਤੇ ਤਰੱਕੀ ਲਈ ਵਚਨਬੱਧ ਹੈ ਅਤੇ ਇਸ ਮਹਾਨ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ-ਫਕੀਰਾਂ, ਪੈਗੰਬਰਾਂ ਤੇ ਸੰਤਾਂ ਦੀ ਧਰਤੀ ਹੈ, ਜਿਨ੍ਹਾਂ ਪੰਜਾਬੀਆਂ ਨੂੰ ਜਬਰ-ਜੁਲਮ ਤੇ ਬੇਇਨਸਾਫ਼ੀ ਵਿਰੁੱਧ ਲੜਨ ਦੀ ਸਿੱਖਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਰੇਕ ਸੰਕਟ ਮਗਰੋਂ ਜੇਤੂ ਹੋ ਕੇ ਨਿਕਲਿਆ ਹੈ ਅਤੇ ਸਫ਼ਲਤਾ ਦੀ ਨਵੀਂ ਕਹਾਣੀ ਲਿਖੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਹੋਵੇਗੀ।
ਮੁੱਖ ਮੰਤਰੀ ਨੇ ਸਪੱਸ਼ਟ ਆਖਿਆ ਕਿ ਸੂਬਾ ਸਰਕਾਰ ਨੇ ਸਿੱਖਿਆ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਹਰੇਕ ਵਿਅਕਤੀ ਦੀ ਸਫ਼ਲਤਾ ਲਈ ਕੁੰਜੀ ਦਾ ਕੰਮ ਕਰਦੀ ਹੈ ਅਤੇ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਸਿੱਖਿਆ ਢਾਂਚੇ ਦੀ ਮਜ਼ਬੂਤੀ ਤੇ ਕਾਇਆ-ਕਲਪ ਲਈ ਸੂਬਾ ਸਰਕਾਰ ਕੋਲ ਵੱਡੀ ਗਿਣਤੀ ਵਿੱਚ ਫੰਡ ਮੌਜੂਦ ਹਨ।