Patiala News: ਮੁਲਾਜ਼ਮਾਂ ਨੂੰ ਕੰਮਾਂ ਤੋਂ ਫ਼ਾਰਗ ਕਰਨ ਦੇ ਨੋਟਿਸ, ਯੂਨੀਅਨ ਲੀਡਰ ਬੋਲੇ, ਸਰਕਾਰ ਪੱਕਾ ਕਰਨ ਦੀ ਬਜਾਏ ਘਰਾਂ ਨੂੰ ਤੋਰਨ ਲੱਗੀ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ (1680), ਜ਼ਿਲ੍ਹਾ ਕਮੇਟੀ ਵੱਲੋਂ ਜ਼ਿਲ੍ਹਾ ਮੰਡੀ ਅਫ਼ਸਰ ਦੇ ਦਫ਼ਤਰ ਅੱਗੇ ਸਰਕਾਰ ਦੀ ਅਰਥੀ ਸਾੜੀ ਗਈ ਤੇ ਰੋਸ ਮੁਜ਼ਾਹਰਾ ਕੀਤਾ ਗਿਆ।
Patiala News: ਮਾਰਕੀਟ ਕਮੇਟੀਆਂ ਰਾਹੀਂ ਮੁਲਾਜ਼ਮਾਂ ਨੂੰ ਕੰਮਾਂ ਤੋਂ ਫ਼ਾਰਗ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਹਨ। ਇਸ ਮਗਰੋਂ ਮੁਲਾਜ਼ਮਾਂ ਵਿੱਚ ਹਾਹਾਕਾਰ ਮੱਚ ਗਈ ਹੈ। ਇਹ ਇਲਜ਼ਾਮ ਲਾਉਂਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ (1680), ਜ਼ਿਲ੍ਹਾ ਕਮੇਟੀ ਵੱਲੋਂ ਜ਼ਿਲ੍ਹਾ ਮੰਡੀ ਅਫ਼ਸਰ ਦੇ ਦਫ਼ਤਰ ਅੱਗੇ ਸਰਕਾਰ ਦੀ ਅਰਥੀ ਸਾੜੀ ਗਈ ਤੇ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਦੌਰਾਨ ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵਿਚਲੀਆਂ ਤਕਰੀਬਨ 153 ਮਾਰਕੀਟ ਕਮੇਟੀਆਂ ਵਿੱਚ ਪਿਛਲੀਆਂ ਸਰਕਾਰ ਨੇ ਰੈਗੂਲਰ ਮੁਲਾਜ਼ਮਾਂ ਦੀਆਂ ਸੇਵਾ-ਮੁਕਤੀਆਂ ਉਪਰੰਤ ਖ਼ਾਲੀ ਹੋਈਆਂ ਤੀਜਾ ਤੇ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਅਸਾਮੀਆਂ ਲਈ 452 ਮੁਲਾਜ਼ਮਾਂ ਦੀ ਭਰਤੀ ਠੇਕਾ ਆਧਾਰਿਤ ਤੇ ਆਊਟਸੋਰਸ ਨੀਤੀ ਰਾਹੀਂ ਕੀਤੀ ਸੀ।
ਇਨ੍ਹਾਂ ਮੁਲਾਜ਼ਮ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਮਾਰਕੀਟ ਕਮੇਟੀ ਪਟਿਆਲਾ, ਸਮਾਣਾ, ਨਾਭਾ, ਡਕਾਲਾ, ਦੁੱਧਣ ਸਾਧਾ ਤੇ ਭਾਦਸੋਂ ਵਿੱਚ ਸਕੱਤਰ ਮਾਰਕੀਟ ਕਮੇਟੀਆਂ ਰਾਹੀਂ ਇਨ੍ਹਾਂ ਮੁਲਾਜ਼ਮਾਂ ਨੂੰ ਕੰਮਾਂ ਤੋਂ ਫ਼ਾਰਗ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਹਨ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਇਹੋ ਵਰਤਾਰਾ ਬਾਕੀ ਮਾਰਕੀਟ ਕਮੇਟੀਆਂ ਵਿੱਚ ਵੀ ਵਾਪਰਨ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਮੁਲਾਜ਼ਮ ਪਿਛਲੇ ਪੰਜ ਸਾਲਾਂ ਤੋਂ ਰੋਜ਼ੀ-ਰੋਟੀ ਲਈ ਮਿਹਨਤ ਕਰਕੇ ਨਿਗੂਣੀਆਂ ਤਨਖ਼ਾਹਾਂ ’ਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੇ ਹਨ। ਉਨ੍ਹਾਂ ਨੂੰ ਸਰਕਾਰ ਨੇ ਪੱਕਾ ਕਰਨ ਦੀ ਬਜਾਏ ਘਰਾਂ ਨੂੰ ਤੋਰਨ ਦੇ ਨੋਟਿਸ ਜਾਰੀ ਕਰ ਦਿੱਤੇ ਹਨ।
ਜਨਤਕ ਲਹਿਰ ਉਸਾਰਨ ਦਾ ਪੈਗ਼ਾਮ ਦੇਵੇਗਾ ‘ਮੇਲਾ ਗ਼ਦਰੀ ਬਾਬਿਆਂ ਦਾ’, 30 ਅਕਤੂਬਰ ਤੋਂ ਭਰੇਗਾ ਜੋਸ਼
ਦੇਸ਼ ਭਗਤ ਯਾਦਗਾਰ ਹਾਲ ਵਿੱਚ 30 ਅਕਤੂਬਰ ਤੋਂ ਕਰਵਾਇਆ ਜਾ ਰਿਹਾ 31ਵਾਂ ਤਿੰਨ ਦਿਨਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਸਾਮਰਾਜੀ ਤੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਜੂਝਦੀਆਂ ਲਹਿਰਾਂ ਦੇ ਸੰਗਰਾਮੀਆਂ ਨੂੰ ਸਮਰਪਿਤ ਹੋਵੇਗਾ। ਮੇਲਾ ਗ਼ਦਰੀ ਬਾਬਿਆਂ ਦਾ 30 ਅਕਤੂਬਰ ਤੋਂ 2 ਨਵੰਬਰ ਸਰਘੀ ਵੇਲੇ ਤੱਕ ਜੋਸ਼-ਖਰੋਸ਼ ਨਾਲ ਮਨਾਇਆ ਜਾਵੇਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਹ ਮੇਲਾ ਸਾਮਰਾਜੀ ਤੇ ਦੇਸੀ ਬਹੁ-ਕੌਮੀ ਕੰਪਨੀਆਂ, ਫ਼ਿਰਕੂ ਤੇ ਫਾਸ਼ੀ ਹੱਲੇ ਤੇ ਬੁੱਧੀਜੀਵੀਆਂ ਤੇ ਪੱਤਰਕਾਰਾਂ ਨੂੰ ਚੋਣਵਾਂ ਨਿਸ਼ਾਨੇ ਬਣਾਏ ਜਾਣ ਦੇ ਮਾਰੂ ਹਮਲਿਆਂ ਨੂੰ ਪਛਾੜਨ ਲਈ ਸੰਘਰਸ਼ ਦੇ ਮੈਦਾਨ ’ਚ ਨਿਤਰੀਆਂ ਲਹਿਰਾਂ ਤੇ ਉਨ੍ਹਾਂ ਲਹਿਰਾਂ ’ਚ ਅਥਾਹ ਕੁਰਬਾਨੀਆਂ ਕਰ ਰਹੇ ਜੁਝਾਰੂਆਂ ਦੀ ਸ਼ਾਨਾਮੱਤੀ ਭੂਮਿਕਾ ਤੋਂ ਪ੍ਰੇਰਨਾ ਲੈਂਦਿਆਂ ਲੋਕਾਂ ਨੂੰ ਜਨਤਕ ਲਹਿਰ ਉਸਾਰਨ ਦਾ ਪੈਗ਼ਾਮ ਦੇਵੇਗਾ।