Patiala News: ਹੁਣ ਔਖਾ ਹੋਇਆ ਤੜਕਾ ਲਾਉਣਾ! ਟਮਾਟਰ 100 ਤੇ ਅਦਰਕ ਹੋਇਆ 400 ਤੋਂ ਪਾਰ
ਅਦਰਕ ਜਿਹੜਾ 80 ਤੋਂ 100 ਰੁਪਏ ਕਿਲੋ ਤੱਕ ਵਿਕ ਰਿਹਾ ਸੀ, ਹੁਣ ਸਵਾ ਚਾਰ ਸੌ ਰੁਪਏ ਕਿਲੋ ਨੂੰ ਜਾ ਢੁਕਿਆ ਹੈ। ਟਮਾਟਰ ਵੀ 100 ਰੁਪਏ ਨੂੰ ਢੁੱਕ ਗਿਆ ਹੈ।

Patiala News: ਮੀਂਹਾਂ ਕਾਰਨ ਐਤਕੀਂ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਇਸ ਰੁੱਤ ਦੀਆਂ ਕਈ ਅਜਿਹੀਆਂ ਸਬਜ਼ੀਆਂ ਵੀ ਹਨ ਜਿਨ੍ਹਾਂ ਦੀ ਖ਼ਰੀਦ ਤੋਂ ਲੋਕ ਬੇਵੱਸ ਹੋ ਗਏ ਹਨ। ਇਸ ਕਰਕੇ ਤੜਕਾ ਲਾਉਣਾ ਔਖਾ ਹੋ ਗਿਆ ਹੈ। ਅਦਰਕ ਜਿਹੜਾ 80 ਤੋਂ 100 ਰੁਪਏ ਕਿਲੋ ਤੱਕ ਵਿਕ ਰਿਹਾ ਸੀ, ਹੁਣ ਸਵਾ ਚਾਰ ਸੌ ਰੁਪਏ ਕਿਲੋ ਨੂੰ ਜਾ ਢੁਕਿਆ ਹੈ। ਟਮਾਟਰ ਵੀ 100 ਰੁਪਏ ਨੂੰ ਢੁੱਕ ਗਿਆ ਹੈ।
ਸਬਜ਼ੀਆਂ ਦੇ ਭਾਅ ਨੇ ਰਸੋਈ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਸਲ ਜਾਣਕਾਰੀ ਮੁਤਾਬਕ ਕੱਦੂ (ਘੀਆ) ਜਿਹੜਾ 10 ਤੋਂ 15 ਕੁ ਰੁਪਏ ਕਿਲੋ ਵਿਕਦਾ ਸੀ, ਹੁਣ 40 ਤੋਂ 50 ਰੁਪਏ ਨੂੰ ਹੋ ਚੁੱਕਿਆ ਹੈ। ਪੇਠਾ ਵੀ ਸੈਂਕੜਾ ਪਾਰ ਕਰ ਗਿਆ ਹੈ। ਸ਼ਿਮਲਾ ਮਿਰਚ ਐਤਕੀਂ ਜਿਹੜੀ ਪਹਿਲਾਂ ਸਸਤੀ ਵਿਕ ਰਹੀ ਸੀ, 40 ਤੋਂ 50 ਰੁਪਏ ਕਿਲੋ ਹੋ ਗਈ ਹੈ। ਕਰੇਲੇ ਤੇ ਬੈਂਗਣ ਵੀ 40 ਤੋਂ 50 ਰੁਪਏ ਕਿਲੋ ਵਿਕ ਰਹੇ ਹਨ। ਨਿੰਬੂ 150 ਰੁਪਏ ਕਿਲੋ ਵਿਕਣ ਲੱਗਿਆ ਹੈ। ਪਿਆਜ਼ ਵੀ 25 ਤੋਂ 30 ਰੁਪਏ ਕਿਲੋ ਹੋ ਗਏ ਹਨ।
ਸਬਜ਼ੀ ਵਪਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਕਾਰਨ ਸਪਲਾਈ ਪ੍ਰਭਾਵਿਤ ਹੋਣ ਕਰ ਕੇ ਭਾਅ ਵਧਣ ਲੱਗੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਸਬਜ਼ੀਆਂ ਵਾਹ ਕੇ ਝੋਨਾ ਲਗਾ ਲਿਆ ਹੈ ਜਿਸ ਕਰ ਕੇ ਸਬਜ਼ੀ ਦੀ ਥੁੜ੍ਹ ਹੋ ਗਈ ਹੈ। ਬਜ਼ੀਆਂ ਮਹਿੰਗੀਆਂ ਹੋਣ ਕਰਕੇ ਜਿੱਥੇ ਆਮ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਰੇਹੜੀ-ਫੜ੍ਹੀ ਵਾਲਿਆਂ ਦੇ ਧੰਦੇ ਨੂੰ ਨੂੰ ਸੱਟ ਲੱਗੀ ਹੈ। ਰੇਹੜੀ-ਫੜ੍ਹੀ ਵਾਲਿਆਂ ਦਾ ਕਹਿਣਾ ਹੈ ਕਿ ਬਾਰਸ਼ ਕਰਕੇ ਉਨ੍ਹਾਂ ਦਾ ਕੰਮ ਕਾਫੀ ਘਟ ਗਿਆ ਹੈ।
ਫਲਾਂ ਦੇ ਭਾਅ ਵੀ ਵਧੇ
ਮੰਡੀ ਵਿੱਚ ਫਲਾਂ ਦੇ ਭਾਅ ਵੀ ਵਧ ਗਏ ਹਨ। ਲੀਚੀ, ਆਲੂਬੁਖਾਰਾ, ਸਫ਼ੈਦਾ ਅੰਬ, ਖਰਬੂਜ਼ਾ ਤੇ ਪਪੀਤਾ ਵੀ ਮਹਿੰਗਾ ਹੋ ਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਫਲਾਂ ਦਾ ਕਾਰੋਬਾਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਬਾਰਸ਼ਾਂ ਕਾਰਨ ਸਬਜ਼ੀਆਂ ਦੇ ਭਾਅ ਵਧੇ ਹਨ। ਅਗਲੇ ਦਿਨਾਂ ਦੌਰਾਨ ਇਨ੍ਹਾਂ ਕੀਮਤਾਂ ਵਿੱਚ ਹੋਰ ਵਾਧਾ ਹੋਵੇਗਾ ਕਿਉਂਕਿ ਬਾਰਸ਼ਾਂ ਵਿੱਚ ਵੀ ਤੇਜ਼ੀ ਆ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















