Patiala News: ਗੈਂਗਸਟਰ ਅਰਸ਼ ਡੱਲਾ ਦੇ ਤਿੰਨ ਸਾਥੀ ਵਿਦੇਸ਼ੀ ਹਥਿਆਰਾਂ ਸਣੇ ਗ੍ਰਿਫਤਾਰ
Patiala News: ਪੰਜਾਬ ਪੁਲਿਸ ਨੇ ਗੈਂਗਸਟਰ ਅਰਸ਼ ਡੱਲਾ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਉਪਰ ਪਿਛਲੇ ਦਿਨੀਂ ਪਟਿਆਲਾ ਬੱਸ ਅੱਡੇ ਵਿੱਚ ਗੋਲੀਆਂ ਚਲਾਉਣ ਦਾ ਇਲਜ਼ਾਮ ਹੈ। ਇਨ੍ਹਾਂ ਕੋਲੋਂ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਹਨ।
Patiala News: ਪੰਜਾਬ ਪੁਲਿਸ ਨੇ ਗੈਂਗਸਟਰ ਅਰਸ਼ ਡੱਲਾ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਉਪਰ ਪਿਛਲੇ ਦਿਨੀਂ ਪਟਿਆਲਾ ਬੱਸ ਅੱਡੇ ਵਿੱਚ ਗੋਲੀਆਂ ਚਲਾਉਣ ਦਾ ਇਲਜ਼ਾਮ ਹੈ। ਇਨ੍ਹਾਂ ਕੋਲੋਂ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਹਨ।
ਹਾਸਲ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਸਥਾਨਕ ਬੱਸ ਅੱਡੇ ਵਿੱਚ ਚੱਲੀਆਂ ਗੋਲੀਆਂ ਦੇ ਮਾਮਲੇ ਵਿੱਚ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਥਾਣਾ ਅਰਬਨ ਅਸਟੇਟ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਦੀਆਂ ਟੀਮਾਂ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਬਰਾਮਦ ਹੋਏ ਹਨ। ਪੁਲਿਸ ਮੁਤਾਬਕ ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਕਿ ਫੜੇ ਗਏ ਨੌਜਵਾਨਾਂ ਦਾ ਸਬੰਧ ਗੈਂਗਸਟਰ ਅਰਸ਼ ਡੱਲਾ ਨਾਲ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਸਰਬਜੀਤ ਸਿੰਘ ਸਰਬੀ ਵਾਸੀ ਭੀਖੀ ਤੇ ਬਲਜਿੰਦਰ ਸਿੰਘ ਬੱਲੀ ਵਾਸੀ ਅਲੀਸ਼ਰ ਕਲਾਂ (ਦੋਵੇਂ ਜ਼ਿਲ੍ਹਾ ਮਾਨਸਾ) ਸਣੇ ਜਗਜੀਤ ਸਿੰਘ ਵਿੱਕੀ ਵਾਸੀ ਪਿੰਡ ਭਰੂਰ ਜ਼ਿਲ੍ਹਾ ਸੰਗਰੂਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਕੁਝ ਘੰਟਿਆਂ ਮਗਰੋਂ ਹੀ ਇੰਸਪੈਕਟਰ ਅਮਨਦੀਪ ਬਰਾੜ ਤੇ ਟੀਮ ਨੇ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨੂੰ ਦਬੋਚ ਲਿਆ ਸੀ।
ਉਸ ਦੀ ਪਛਾਣ ਬਲਜਿੰਦਰ ਬੱਲੀ ਵਜੋਂ ਹੋਈ ਜਿਸ ਦੇ ਕਬਜ਼ੇ ਵਿੱਚੋਂ 32 ਬੋਰ ਦਾ ਪਿਸਤੌਲ ਵੀ ਮਿਲਿਆ ਸੀ। ਉਸ ਦੀ ਪੁੱਛ-ਪੜਤਾਲ ਮਗਰੋਂ ਹੀ ਦੋ ਹੋਰ ਗ੍ਰਿਫ਼ਤਾਰੀਆਂ ਹੋਈਆਂ। ਫੜੇ ਗਏ ਸਰਬੀ ਕੋਲੋਂ 315 ਬੋਰ ਦਾ ਪਿਸਤੌਲ ਮਿਲਿਆ। ਦੱਸ ਦਈਏ ਕਿ 9 ਜਨਵਰੀ ਨੂੰ ਬੱਸ ਅੱਡੇ ਵਿੱਚ ਹੋਈ ਲੜਾਈ ਦੌਰਾਨ ਕੁੱਟ ਦਾ ਸ਼ਿਕਾਰ ਹੋਇਆ ਨੌਜਵਾਨ ਅਜੇ ਤੱਕ ਵੀ ਪੁਲਿਸ ਨੂੰ ਨਹੀਂ ਮਿਲਿਆ।
ਮਾਨਸਾ ਦੇ ਐਸਪੀ (ਡੀ) ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ’ਤੇ ਜਸ਼ਨਦੀਪ ਸਿੰਘ ਉਰਫ ਕਾਲੂ ਵਾਸੀ ਵਾਰਡ ਨੰ. 6 ਭੀਖੀ ਨੂੰ ਰੱਲਾ ਨਹਿਰ ਦੇ ਪੁਲ ’ਤੇ ਨਾਕੇ ਦੌਰਾਨ ਕਾਬੂ ਕੀਤਾ। ਉਸ ਕੋਲੋਂ ਮੋਟਰਸਾਈਕਲ, ਵਿਦੇਸ਼ੀ ਅਸਲਾ ਤੇ 4 ਕਾਰਤੂਸ ਬਰਾਮਦ ਹੋਏ।
ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਦੇ ਗੈਂਗਸਟਰ ਅਰਸ਼ ਡੱਲਾ ਨਾਲ ਸਬੰਧ ਹਨ। ਉਨ੍ਹਾਂ ਦੱਸਿਆ ਕਿ ਅਸਲਾ ਤੁਰਕੀ ਦਾ ਬਣਿਆ ਹੋਇਆ ਹੈ ਤੇ ਇਹ ਅਸਲਾ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਭੀਖੀ, ਜੋ ਬਠਿੰਡਾ ਦੇ ਠੇਕੇਦਾਰ ਮੇਲਾ ਸਿੰਘ ਦੇ ਕਤਲ ਕਾਂਡ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਹੈ, ਉਸ ਕੋਲੋਂ ਹਾਸਲ ਕੀਤਾ ਸੀ।